ਨੂਰ ਸੁਲਤਾਨ (ਕਜ਼ਾਖ਼ਸਤਾਨ), ਬਜਰੰਗ ਪੂਨੀਆ ਨੇ ਅੱਜ ਇੱਥੇ ਪੁਰਸ਼ਾਂ ਦੇ 65 ਕਿਲੋ ਫਰੀਸਟਾਈਲ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਆਪਣਾ ਕੁੱਲ ਤੀਜਾ ਤਗ਼ਮਾ ਹਾਸਲ ਕੀਤਾ। ਇਸ ਟੂਰਨਾਮੈਂਟ ਵਿੱਚ ਤਿੰਨ ਤਗ਼ਮੇ ਜਿੱਤਣ ਵਾਲਾ ਉਹ ਭਾਰਤ ਦਾ ਪਹਿਲਾ ਪਹਿਲਵਾਨ ਬਣ ਗਿਆ ਹੈ। ਦੂਜੇ ਪਾਸੇ ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਅੱਠ ਸਾਲ ਮਗਰੋਂ ਵਾਪਸੀ ਸਿਰਫ਼ ਛੇ ਮਿੰਟ ਤੱਕ ਰਹੀ ਅਤੇ ਉਸ ਨੂੰ ਅੱਜ ਇੱਥੇ ਸ਼ੁਰੂਆਤੀ ਗੇੜ ਵਿੱਚ ਅਜ਼ਰਬੇਜਾਨ ਦੇ ਖਾਦਜ਼ਿਮੁਰਾਦ ਗਾਦਜ਼ੀਯੇਵ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਓਲੰਪਿਕ ਵਿੱਚ ਦੋ ਵਾਰ ਤਗ਼ਮਾ ਜਿੱਤਣ ਵਾਲੇ ਪਹਿਲਵਾਨ ਸੁਸ਼ੀਲ ਨੇ 9-4 ਦੀ ਲੀਡ ਬਣਾ ਲਈ ਸੀ, ਪਰ ਲਗਾਤਾਰ ਸੱਤ ਅੰਕ ਗੁਆ ਕੇ ਉਹ 74 ਕਿਲੋ ਕੁਆਲੀਫਿਕੇਸ਼ਨ ਗੇੜ ਦਾ ਮੁਕਾਬਲਾ 9-11 ਨਾਲ ਹਾਰ ਗਿਆ।
ਬਜਰੰਗ ਨੇ ਇਸ ਤੋਂ ਪਹਿਲਾਂ 2013 ਵਿੱਚ ਕਾਂਸੀ ਅਤੇ 2018 ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਬਜਰੰਗ ਨੇ ਅੱਜ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ਵਿੱਚ ਮੰਗੋਲੀਆ ਦੇ ਤੁਲਗਾ ਤੁਮੁਰ ਓਚਿਰ ਨੂੰ 8-7

ਨਾਲ ਹਰਾਇਆ। ਓਚਿਰ ਅੰਡਰ-23 ਵਰਗ ਵਿੱਚ ਏਸ਼ਿਆਈ ਚੈਂਪੀਅਨ ਹੈ। ਇਹ ਮੌਜੂਦਾ ਸੈਸ਼ਨ ਦਾ ਪਹਿਲਾ ਟੂਰਨਾਮੈਂਟ ਹੈ, ਜਿੱਥੇ ਬਜਰੰਗ ਫਾਈਨਲ ਵਿੱਚ ਥਾਂ ਪੱਕੀ ਕਰਨ ਤੋਂ ਅਸਫਲ ਰਿਹਾ। ਉਸ ਨੇ ਹਾਲਾਂਕਿ ਟੂਰਨਾਮੈਂਟ ਰਾਹੀਂ ਓਲੰਪਿਕ ਕੋਟਾ ਹਾਸਲ ਕਰ ਲਿਆ ਹੈ।