ਨਵੀਂ ਦਿੱਲੀ, ਟੋਕੀਓ ਓਲੰਪਿਕ ਦਾ ਟਿਕਟ ਹਾਸਲ ਕਰ ਚੁੱਕੇ ਪਹਿਲਵਾਨ ਬਜਰੰਗ ਪੂਨੀਆ, ਨਿਸ਼ਾਨੇਬਾਜ਼ ਇਲਾਵੈਨਿਲ ਵਲਾਰਿਵਨ ਦੀ ਸਾਲ ਦੇ ਸਰਬੋਤਮ ਖਿਡਾਰੀ ਅਤੇ ਮੋਨਾ ਪਾਰਥਾਸਾਰਥੀ ਦੀ ਸਰਬੋਤਮ ਖੇਡ ਪੱਤਰਕਾਰ ਵਜੋਂ ਫਿੱਕੀ ਇੰਡੀਆ ਸਪੋਰਟਸ ਐਵਾਰਡ-2020 ਲਈ ਚੋਣ ਹੋਈ ਹੈ। ਇਹ ਪੁਰਸਕਾਰ ਸਮਾਰੋਹ ‘ਦਸਵੇਂ ਆਲਮੀ ਖੇਡ ਸਿਖਰ ਸੰਮੇਲਨ: ਫਿੱਕੀ ਟੀਯੂਆਰਐੱਫ-2020’ ਮੌਕੇ ਆਨਲਾਈਨ ਕੀਤਾ ਗਿਆ ਸੀ। ਜੇਤੂਆਂ ਦੀ ਚੋਣ ਬੀਤੇ ਇੱਕ ਸਾਲ (2019-20) ਦੇ ਪ੍ਰਦਰਸ਼ਨ ਅਤੇ ਯੋਦਗਾਨ ਦੇ ਮੱਦੇਨਜ਼ਰ ਕੀਤੀ ਗਈ ਹੈ।
ਉੱਘੇ ਕ੍ਰਿਕਟਰ ਅਨਿਲ ਕੁੰਬਲੇ ਨੂੰ ‘ਬੈਸਟ ਕੰਪਨੀ ਪ੍ਰਮੋਸ਼ਨ ਸਪੋਰਟਸ (ਨਿੱਜੀ ਖੇਤਰ)’ ਨਾਲ ਸਨਮਾਨਿਤ ਕੀਤਾ ਗਿਆ। ਰਾਧਾਕ੍ਰਿਸ਼ਨ ਨਾਇਰ ਨੂੰ ਸਰਬੋਤਮ ਕੋਚ, ਜਦਕਿ ਸੁੰਦਰ ਸਿੰਘ ਗੁਰਜਰ ਅਤੇ ਸਿਮਰਨ ਸ਼ਰਮਾ ਨੂੰ ਸਾਲ ਦਾ ਸਰਵੋਤਮ ਪੈਰਾ-ਅਥਲੀਟ ਖਿਡਾਰੀ ਚੁਣਿਆ ਗਿਆ। ਭਾਰਤੀ ਪੈਰਾ ਓਲੰਪਿਕ ਕਮੇਟੀ ਅਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਸਾਲ ਦਾ ਸਰਵੋਤਮ ਕੌਮੀ ਖੇਡ ਫੈਡਰੇਸ਼ਨ ਪੁਰਸਕਾਰ ਦਿੱਤਾ ਗਿਆ।
ਫਿੱਕੀ ਇੰਡੀਆ ਸਪੋਰਟਸ ਐਵਾਰਡ-2020 ਦੇ ਜੇਤੂਆਂ ਦੀ ਸੂਚੀ ਇਸ ਤਰ੍ਹਾਂ ਹੈ। ਸਾਲ ਦੇ ਸਰਬੋਤਮ ਖਿਡਾਰੀ: ਇਲਾਵੈਨਿਲ ਵਲਾਰਿਵਨ, ਬਜਰੰਗ ਪੂਨੀਆ, ਸਾਲ ਵਿੱਚ ਸ਼ਾਨਦਾਰ ਪ੍ਰਾਪਤੀਆਂ ਵਾਲੇ ਖਿਡਾਰੀ: ਅੰਨੂ ਰਾਣੀ, ਤਾਉਮਰ ਪ੍ਰਾਪਤੀ ਪੁਰਸਕਾਰ: ਮੰਜੁਸ਼ਾ ਕੰਵਰ, ਸਾਲ ਦੇ ਸਰਬੋਤਮ ਪੈਰਾ-ਅਥਲੀਟ ਖਿਡਾਰੀ: ਸੁੰਦਰ ਸਿੰਘ ਗੁਰਜਰ, ਸਿਮਰਨ ਸ਼ਰਮਾ, ਸਰਬੋਤਮ ਕੋਚ: ਰਾਧਾ ਕ੍ਰਿਸ਼ਨ ਨਾਇਰ, ਸਰਬੋਤਮ ਖੇਡ ਪੱਤਰਕਾਰ: ਮੋਨਾ ਪਾਰਸਾਰਥੀ।