ਓਟਵਾ, 14 ਅਪਰੈਲ : ਅਜੇ ਅਗਲੇ ਸੋਮਵਾਰ 2021 ਦਾ ਫੈਡਰਲ ਬਜਟ ਪੇਸ਼ ਕੀਤਾ ਜਾਣਾ ਹੈ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਹਫਤੇ ਵਿਰੋਧੀ ਪਾਰਟੀ ਦੇ ਆਗੂਆਂ ਨਾਲ ਗੱਲਬਾਤ ਕਰਨ ਦੀ ਯੋਜਨਾ ਬਣਾਈ ਗਈ ਹੈ। ਉਨ੍ਹਾਂ ਵੱਲੋਂ ਇਸ ਸਬੰਧ ਵਿੱਚ ਕੰਜ਼ਰਵੇਟਿਵ ਤੇ ਬਲਾਕ ਕਿਊਬਿਕੁਆ ਆਗੂਆਂ ਨਾਲ ਗੱਲਬਾਤ ਕੀਤੀ ਗਈ।
ਦੁਪਹਿਰ ਸਮੇਂ ਟਰੂਡੋ ਨੇ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨਾਲ ਗੱਲਬਾਤ ਕੀਤੀ। ਓਟੂਲ ਨੇ ਇਹ ਤਹੱਈਆ ਪ੍ਰਗਟਾਇਆ ਸੀ ਕਿ ਉਹ ਪ੍ਰਧਾਨ ਮੰਤਰੀ ਨੂੰ ਸਾਰੇ ਕੈਨੇਡੀਅਨਾਂ ਨੂੰ ਕੰਮ ਉੱਤੇ ਪਰਤਾਉਣ ਲਈ ਰਾਜ਼ੀ ਕਰਕੇ ਹੀ ਸਾਹ ਲੈਣਗੇ। ਇਸ ਤੋਂ ਇਲਾਵਾ ਪਿਛਲੇ ਵੀਕੈਂਡ ਲਿਬਰਲਾਂ ਵੱਲੋਂ ਆਪਣੇ ਨੈਸ਼ਨਲ ਪਾਲਿਸੀ ਇਜਲਾਸ ਵਿੱਚ ਕਥਿਤ ਤੌਰ ਉੱਤੇ ਕੀਤੇ ਗਏ ਅੰਤਾਂ ਦੇ ਖਰਚੇ ਉੱਤੇ ਵੀ ਓਟੂਲ ਨੇ ਚਿੰਤਾ ਪ੍ਰਗਟਾਈ ਸੀ।
ਪੀ ਐਮ ਓ ਸਰੋਤਾਂ ਅਨੁਸਾਰ ਦੋਵਾਂ ਆਗੂਆਂ ਵਿਚਾਲੇ ਗੱਲਬਾਤ ਤਾਂ ਸਹੀ ਢੰਗ ਨਾਲ ਨੇਪਰੇ ਚੜ੍ਹੀ ਦੱਸੀ ਜਾਂਦੀ ਹੈ।15 ਮਿੰਟ ਚੱਲੀ ਇੱਕ ਗੱਲਬਾਤ ਵਿੱਚ ਦੋਵਾਂ ਆਗੂਆਂ ਨੇ ਆਪੋ ਆਪਣੋ ਨਜ਼ਰੀਏ ਤੋਂ ਬਜਟ ਸਬੰਧੀ ਤਰਜੀਹਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਦੇ ਨਾਲ ਹੀ ਮਹਾਂਮਾਰੀ ਦੀ ਸਥਿਤੀ ਤੇ ਵੈਕਸੀਨ ਦੀ ਵੰਡ ਦੇ ਮੁੱਦੇ ਵੀ ਵਿਚਾਰੇ ਗਏ।ਓਟੂਲ ਦੇ ਆਫਿਸ ਅਨੁਸਾਰ ਕੰਜ਼ਰਵੇਟਿਵ ਆਗੂ ਨੇ ਟਰੂਡੋ ਨੂੰ ਇਹ ਪੁੱਛਿਆ ਗਿਆ ਇਸ ਬਜਟ ਦੌਰਾਨ ਕੈਨੇਡੀਅਨਾਂ ਲਈ ਰੋਜ਼ਗਾਰ ਦੇ ਕਿੰਨੇ ਮੌਕੇ ਸਿਰਜੇ ਜਾਣਗੇ ਤੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਗਿਆ ਕਿ ਕੈਨੇਡੀਅਨਾਂ ਉੱਤੇ ਇਸ ਮਹਾਂਮਾਰੀ ਦੌਰਾਨ ਟੈਕਸ ਨਾ ਲਾਏ ਜਾਣ।
ਟਰੂਡੋ ਨੇ ਬਲਾਕ ਕਿਊਬਿਕੁਆ ਆਗੂ ਯਵੇਸ ਫਰੈਂਕੌਇਸ ਬਲਾਂਸ਼ੇ ਨਾਲ ਵੀ ਗੱਲਬਾਤ ਕੀਤੀ।ਮੰਗਲਵਾਰ ਨੂੰ ਟਰੂਡੋ ਵੱਲੋਂ ਐਨਡੀਪੀ ਆਗੂ ਜਗਮੀਤ ਸਿੰਘ ਤੇ ਗ੍ਰੀਨ ਪਾਰਟੀ ਆਗੂ ਅਨੇਮੀ ਪਾਲ ਨਾਲ ਗੱਲਬਾਤ ਕੀਤੇ ਜਾਣ ਦੀ ਸੰਭਾਵਨਾ ਹੈ।