ਟੋਰਾਂਟੋ, 25 ਅਪਰੈਲ
ਕੈਨੇਡਾ ਵਿਚ ਭਾਰਤੀ ਮੂਲ ਦੇ ਵਿਰੋਧੀ ਧਿਰ ਦੇ ਆਗੂ ਜਗਮੀਤ ਸਿੰਘ ਨੇ ਖ਼ੁਲਾਸਾ ਕੀਤਾ ਹੈ ਕਿ ਜਦ ਉਹ 10 ਸਾਲ ਦਾ ਸੀ ਤਾਂ ਤਾਇਕਵਾਂਡੋ ਅਧਿਆਪਕ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਆਗੂ ਨੇ ਕਿਹਾ ਕਿ ਉਸ ਨੂੰ ਇਸ ਗੱਲ ਦਾ ਪਛਤਾਵਾ ਹੈ ਕਿ ਉਹ ਇਸ ਬਾਰੇ ਚੁੱਪ ਰਹੇ।
ਨਿਊ ਡੈਮੋਕ੍ਰੈਟਿਕ ਪਾਰਟੀ (ਐਨਡੀਪੀ) ਦੇ 40 ਸਾਲਾ ਸਿੱਖ ਆਗੂ ਨੇ ਆਪਣੀ ਕਿਤਾਬ ‘ਲਵ ਐਂਡ ਕਰੇਜ: ਮਾਈ ਸਟੋਰੀ ਆਫ਼ ਫੈਮਿਲੀ, ਰੈਜ਼ੀਲਿਐਂਸ ਐਂਡ ਓਵਰਕਮਿੰਗ ਦੀ ਅਨਐਕਸਪੈਕਟੇਡ’ ਵਿਚ ਲਿਖਿਆ ਹੈ ਕਿ ਇਹ ਘਟਨਾ ਉਸ ਨਾਲ 1980 ਵਿਚ ਵਾਪਰੀ ਜਦ ਉਹ ਵਿੰਡਸਰ (ਓਂਟਾਰੀਓ) ਵਿਚ ਰਹਿ ਰਹੇ ਸਨ। ਜ਼ਿਕਰਯੋਗ ਹੈ ਕਿ ਜਗਮੀਤ ਨੇ ਲੰਘੇ ਮਹੀਨੇ ਹਾਊਸ ਆਫ਼ ਕਾਮਨਜ਼ ਦਾ ਮੈਂਬਰ ਬਣ ਕੇ ਇਤਿਹਾਸ ਸਿਰਜਿਆ ਸੀ। ਉਹ ਸੰਸਦ ਦੇ ਹੇਠਲੇ ਸਦਨ ਦਾ ਮੈਂਬਰ ਬਣਨ ਵਾਲਾ ਪਹਿਲਾ ਗ਼ੈਰ-ਗੋਰਾ ਵਿਅਕਤੀ ਹੈ।
ਉਨ੍ਹਾਂ ਇਕ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੰਸਟਰੱਕਟਰ (ਮਿਸਟਰ ਐਨ) ਘਰ ਵਿਚ ਹੀ ਨਿੱਜੀ ਤੌਰ ’ਤੇ ਤਾਇਕਵਾਂਡੋ ਸਿਖਾਉਂਦਾ ਸੀ। ਹਾਲਾਂਕਿ ਉਸ ਦੀ ਹੁਣ ਮੌਤ ਹੋ ਚੁੱਕੀ ਹੈ। ਆਗੂ ਨੇ ਕਿਹਾ ਕਿ ਬਚਪਨ ਵਿਚ ਉਹ ਇਸ ਘਟਨਾ ਨੂੰ ਲੈ ਕੇ ਬਹੁਤ ਨਿਰਾਸ਼ ਰਿਹਾ ਤੇ ਸ਼ਰਮ ਮਹਿਸੂਸ ਕਰਦਾ ਸੀ। ਇਸ ਬਾਰੇ ਕਿਸੇ ਨਾਲ ਵੀ ਗੱਲ ਨਹੀਂ ਕੀਤੀ। ਜਗਮੀਤ ਨੇ ਦੱਸਿਆ ਕਿ ਕਰੀਬ ਦਹਾਕਾ ਗੁਜ਼ਰਨ ਤੋਂ ਬਾਅਦ ਉਸ ਨੇ ਕਿਸੇ ਨਾਲ ਗੱਲ ਕੀਤੀ। ਜਗਮੀਤ ਨੇ ਕਿਹਾ ਕਿ ਅਫ਼ਸੋਸ ਇਸ ਗੱਲ ਦਾ ਹੈ ਕਿ ਕੋਚ ਦੇ ਜਿਊਂਦਿਆਂ ਹੀ ਇਸ ਬਾਰੇ ਖ਼ੁਲਾਸਾ ਕਰਨਾ ਚਾਹੀਦਾ ਸੀ। ਸ਼ਾਇਦ ਇਸ ਨਾਲ ਹੋਰਾਂ ਨੂੰ ਵੀ ਸਬਕ ਮਿਲਦਾ। ਸਿੰਘ ਨੇ ਕਿਹਾ ਕਿ ਆਸ ਹੈ ਕਿ ਕਿਤਾਬ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਲੋਕਾਂ ਨੂੰ ਤਾਕਤ ਦੇਵੇਗੀ ਤੇ ਅਹਿਸਾਸ ਕਰਵਾਏਗੀ ਕਿ ਇਸ ਵਿਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਸੀ। ਜਗਮੀਤ ਸੱਤ ਤੋਂ 23 ਸਾਲ ਦੀ ਉਮਰ ਤੱਕ ਵਿੰਡਸਰ ਇਲਾਕੇ ਵਿਚ ਰਹੇ ਹਨ। ਆਗੂ ਨੇ ਦੱਸਿਆ ਕਿ ਸਕੂਲ ਵਿਚ ਕੁਝ ਬੱਚਿਆਂ ਨੇ ਉਸ ਨੂੰ ‘ਬਰਾਊਨ’ ਤੇ ‘ਗੰਦਾ’ ਕਹਿ ਕੇ ਕੁੱਟਿਆ ਵੀ। ਉਨ੍ਹਾਂ ਪਿਤਾ ਦੀ ਸ਼ਰਾਬ ਦੀ ਆਦਤ ਤੇ ਮਗਰੋਂ ਇਸ ਨੂੰ ਛੱਡਣ ਬਾਰੇ ਵੀ ਲਿਖਿਆ ਹੈ।