ਐੱਸਏਐੱਸ ਨਗਰ(ਮੁਹਾਲੀ), 25 ਸਤੰਬਰ

ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਅਤੇ ਲਾਪਤਾ ਕਰਨ ਦੇ ਮਾਮਲੇ ਵਿੱਚ ਕਤਲ ਦੀਆਂ ਧਾਰਾਵਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਅੱਜ ਚੁੱਪ ਚੁਪੀਤੇ ਮੁਹਾਲੀ ਪਹੁੰਚੇ। ਉਹ ਮਟੌਰ ਥਾਣੇ ਵਿੱਚ ਆਉਣ ਦੀ ਥਾਂ ਜ਼ਿਲ੍ਹਾ ਪੁਲੀਸ ਮੁਖੀ ਦੇ ਦਫਤਰ ਆਏ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਮੁਲਤਾਨੀ ਮਾਮਲੇ ਦੀ ਜਾਂਚ ਸਬੰਧੀ ਮੁਹਾਲੀ ਪੁਲੀਸ ਵੱਲੋਂ ਬਣਾਈ ਤਿੰਨ ਮੈਂਬਰੀ ਸਿੱਟ ਦੇ ਇੰਚਾਰਜ ਐੱਸਪੀ ਹਰਮਨਦੀਪ ਸਿੰਘ ਹਾਂਸ ਦੇ ਦਫਤਰ ਵਿੱਚ ਆਕੇ ਆਪਣੀ ਹਾਜ਼ਰੀ ਲਾਉਣ ਬਾਅਦ ਚਲੇ ਗਏ। ਪਿਛਲੇ ਦਿਨੀਂ ਸਿੱਟ ਵੱਲੋਂ ਪੇਸ਼ ਹੋਣ ਲਈ ਬੁਲਾਏ ਜਾਣ ’ਤੇ ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਸ਼ਰਨ ਵਿੱਚ ਚਲੇ ਗਏ ਸਨ। ਸੈਣੀ ਦੇ ਅੱਜ ਮੁਹਾਲੀ ਆਉਣ ਦੀ ਕਿਸੇ ਨੂੰ ਵੀ ਭਿਣਕ ਨਹੀਂ ਸੀ। ਸਮੁੱਚਾ ਮੀਡੀਆ ਤੇ ਪੁਲੀਸ ਪ੍ਰਸ਼ਾਸਨ ਕਿਸਾਨ ਧਰਨਿਆਂ ਵਿੱਚ ਵਿਅਸਤ ਸੀ। ਸਾਬਕਾ ਪੁਲੀਸ ਮੁਖੀ ਸਵੇਰੇ ਦਸ ਵਜੇ ਤੋਂ ਪਹਿਲਾਂ ਹੀ ਮੁਹਾਲੀ ਪਹੁੰਚੇ। ਉਹ ਪੰਜ-ਸੱਤ ਮਿੰਟ ਬਾਅਦ ਇਥੋਂ ਚਲੇ ਗਏ।

ਥਾਣਾ ਮਟੌਰ ਦੇ ਐਸਐਚਓ ਅਤੇ ਸਿੱਟ ਦੇ ਮੈਂਬਰ ਇੰਸਪੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਸੁਮੇਧ ਸੈਣੀ ਮਟੌਰ ਥਾਣੇ ਵਿਖੇ ਨਹੀਂ ਆਏ।

ਸਿੱਟ ਦੇ ਇੰਚਾਰਜ ਹਰਮਨਦੀਪ ਸਿੰਘ ਹਾਂਸ ਨੇ ਆਖਿਆ ਕਿ ਸਿੱਟ ਵੱਲੋਂ ਸ੍ਰੀ ਸੈਣੀ ਨੂੰ ਬੁਲਾਇਆ ਹੀ ਨਹੀਂ ਗਿਆ ਸੀ। ਦੁਬਾਰਾ ਬੁਲਾਏ ਜਾਣ ਸਬੰਧੀ ਨਵੇਂ ਸੰਮਨ ਜਾਰੀ ਕਰਨ ਬਾਰੇ ਉਨ੍ਹਾਂ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।