ਚੰਡੀਗੜ੍ਹ, 2 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਵਿੱਚ ਉੱਠੀਆਂ ਬਗ਼ਾਵਤੀ ਸੁਰਾਂ ਕਾਰਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਲਈ ਚੁਣੌਤੀਆਂ ਭਰਪੂਰ ਸਮਾਂ ਸ਼ੁਰੂ ਹੋ ਗਿਆ ਹੈ। ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਵੱਲੋਂ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਮਗਰੋਂ ਅਕਾਲੀ ਦਲ ਨੇ ਸਾਖ਼ ਬਚਾਉਣ ਲਈ ਭਾਵੇਂ ਪੇਸ਼ਬੰਦੀਆਂ ਸ਼ੁਰੂ ਕੀਤੀਆਂ ਹਨ, ਪਰ ਪਾਰਟੀ ਆਗੂ ਅਜੇ ਵੀ ਦੱਬਵੀਂ ਸੁਰ ਵਿੱਚ ਪ੍ਰਧਾਨ ਅਤੇ ਮਜੀਠੀਆ ਦੀ ਕਾਰਜਸ਼ੈਲੀ ’ਤੇ ਸਵਾਲ ਖੜ੍ਹੇ ਕਰ ਰਹੇ ਹਨ। ਬਾਦਲਾਂ ਸਮੇਤ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਢੀਂਡਸਾ ਦੇ ਮੁੱਦੇ ’ਤੇ ਚੁੱਪ ਰਹਿਣਾ ਹੀ ਬਿਹਤਰ ਸਮਝ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੰਕਟ ਦੀ ਇਸ ਘੜੀ ਵਿੱਚ ਆਪਣੇ ਪੁੱਤਰ ਦੇ ਬਚਾਅ ਲਈ ਮੈਦਾਨ ਵਿੱਚ ਨਿੱਤਰਨਾ ਪੈ ਰਿਹਾ ਹੈ। ਉਧਰ ਪਾਰਟੀ ਪ੍ਰਧਾਨ ਕੋਈ ਵੀ ਟਿੱਪਣੀ ਕਰਨ ਤੋਂ ਟਾਲਾ ਵੱਟ ਰਹੇ ਹਨ। ਸੂਤਰਾਂ ਮੁਤਾਬਕ ਵੱਡੇ ਬਾਦਲ ਨੇ ਮਾਝੇ ਦੇ ਸੀਨੀਅਰ ਆਗੂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਖ਼ੁਦ ਗੱਲਬਾਤ ਕਰਦਿਆਂ ਪਾਰਟੀ ਖਿਲਾਫ਼ ਕੋਈ ਫੈਸਲਾ ਨਾ ਲੈਣ ਲਈ ਬੇਨਤੀ ਕੀਤੀ। ਪਾਰਟੀ ਹਲਕਿਆਂ ਦਾ ਦੱਸਣਾ ਹੈ ਕਿ ਸਾਬਕਾ ਮੁੱਖ ਮੰਤਰੀ ਦੀ ‘ਬੇਨਤੀ’ ਮਗਰੋਂ ਮਾਝੇ ਦੇ ਆਗੂਆਂ ਦੀਆਂ ਸੁਰਾਂ ਮੱਠੀਆਂ ਪਈਆਂ ਹਨ। ਪਾਰਟੀ ਦੇ ਸੀਨੀਅਰ ਆਗੂਆਂ ਕਹਿਣਾ ਹੈ ਕਿ ਕੁਝ ਸੀਨੀਅਰ ਨੇਤਾ 7 ਅਕਤੂਬਰ ਦੀ ਪਟਿਆਲਾ ਰੈਲੀ ਤੋਂ ਬਾਅਦ ਹੀ ਮੂੰਹ ਖੋਲ੍ਹਣਗੇ ਤਾਂ ਜੋ ਅਨੁਸ਼ਾਸਨਹੀਣਤਾ ਦਾ ਪ੍ਰਭਾਵ ਨਾ ਪਵੇ।
ਸਾਬਕਾ ਮੁੱਖ ਮੰਤਰੀ ਵੱਲੋਂ ਸੁਖਦੇਵ ਸਿੰਘ ਢੀਂਡਸਾ ਨਾਲ ਲਗਾਤਾਰ ਰਾਬਤਾ ਕਾਇਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਪਰ ਪਾਰਟੀ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਆਗੂ ਦੀ ਵੱਡੇ ਬਾਦਲ ਸਮੇਤ ਕਿਸੇ ਵੀ ਅਕਾਲੀ ਨੇਤਾ ਨਾਲ ਗੱਲਬਾਤ ਸੰਭਵ ਨਹੀਂ ਹੋ ਸਕੀ। ਵੱਡੇ ਬਾਦਲ ਸ੍ਰੀ ਢੀਂਡਸਾ ਵੱਲੋਂ ਲਏ ਫੈਸਲੇ ਨੂੰ ਸਭ ਤੋਂ ਵੱਡਾ ਸਿਆਸੀ ਝਟਕਾ ਮੰਨ ਰਹੇ ਹਨ। ਇਸ ਤੋਂ ਪਹਿਲਾਂ ਪਾਰਟੀ ਵਿੱਚ ਜਦੋਂ ਕਦੇ ਵੀ ਪ੍ਰਕਾਸ਼ ਸਿੰਘ ਬਾਦਲ ’ਤੇ ਸਿਆਸੀ ਸੰਕਟ ਆਇਆ ਤਾਂ ਸੁਖਦੇਵ ਸਿੰਘ ਢੀਂਡਸਾ ਬਾਦਲ ਦੇ ਪੱਖ ਵਿੱਚ ਖੜ੍ਹਦੇ ਰਹੇ ਹਨ ਤੇ ਐਤਕੀਂ ਉਨ੍ਹਾਂ ਸਭ ਤੋਂ ਪਹਿਲਾਂ ਅਸਤੀਫਾ ਦੇ ਕੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਪਾਰਟੀ ਆਗੂਆਂ ਦਾ ਦੱਸਣਾ ਹੈ ਕਿ ਸ੍ਰੀ ਢੀਂਡਸਾ ਅਸਤੀਫਾ ਵਾਪਸ ਲੈਣ ਦੇ ਰੌਂਅ ਵਿੱਚ ਨਹੀਂ ਹਨ।
ਪਾਰਟੀ ਵਿਚਲੇ ਦੂਜੀ ਕਤਾਰ ਦੇ ਆਗੂ ਸੰਕਟ ਦੀ ਘੜੀ ਵਿੱਚ ਮੂਹਰੇ ਨਹੀਂ ਆ ਰਹੇ। ਇੱਕ ਅਕਾਲੀ ਨੇਤਾ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਜਦੋਂ ਬਾਦਲ ਪਰਿਵਾਰ ਹੋਰਨਾਂ ਕੰਮਾਂ ਵਿੱਚ ਮੋਹਰੀ ਹੁੰਦਾ ਹੈ ਤਾਂ ਸੰਕਟ ਵਿੱਚ ਵੀ ਮੋਹਰੀ ਭੂਮਿਕਾ ਉਨ੍ਹਾਂ ਨੇ ਹੀ ਨਿਭਾਉਣੀ ਹੈ। ਅਕਾਲੀ ਦਲ ਨੇ ਸਾਬਕਾ ਵਿੱਤ ਮੰਤਰੀ ਅਤੇ ਸ੍ਰੀ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਨੂੰ ਵੀ ਆਸਟਰੇਲੀਆ ਦੌਰੇ ਤੋਂ ਵਾਪਸ ਬੁਲਾ ਲਿਆ ਹੈ। ਉਹ ਅੱਜ ਪੰਜਾਬ ਪਹੁੰਚ ਗਏ। ਤਾਜ਼ਾ ਸੰਕਟ ਵਿਚਾਰਨ ਲਈ ਉਨ੍ਹਾਂ ਪਾਰਟੀ ਪ੍ਰਧਾਨ ਨਾਲ ਤਾਂ ਮੁਲਾਕਾਤ ਕੀਤੀ, ਪਰ ਪਿਤਾ (ਢੀਂਡਸਾ) ਨਾਲ ਮੀਟਿੰਗ ਨਾ ਹੋ ਸਕੀ। ਆਉਣ ਵਾਲੇ ਦਿਨ ਅਕਾਲੀ ਦਲ ਲਈ ਬੇਹੱਦ ਚੁਣੌਤੀ ਪੂਰਨ ਮੰਨੇ ਜਾ ਰਹੇ ਹਨ। ਅਕਾਲੀ ਦਲ ਦੇ ਅੰਦਰ ਹੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਬਦਲਣ ਦੀ ਮੰਗ ਉੱਠ ਰਹੀ ਹੈ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਵੀ ਨਵੰਬਰ ਮਹੀਨੇ ਵਿੱਚ ਹੋਣੀ ਹੈ। ਇਨ੍ਹਾਂ ਦੋਹਾਂ ਵੱਡੀਆਂ ਤੇ ਵੱਡੀ ਸਿੱਖ ਸੰਸਥਾਵਾਂ ’ਤੇ ਬਾਦਲਾਂ ਦੀ ਮਨਮਰਜ਼ੀ ਚੱਲਣ ਦੇ ਆਸਾਰ ਘਟਦੇ ਜਾ ਰਹੇ ਹਨ। ਵਿਧਾਨ ਸਭਾ ਚੋਣਾਂ ਵਿੱਚ ਨਮੋਸ਼ੀਜਨਕ ਹਾਰ ਮਗਰੋਂ ਅਕਾਲੀ ਨੇਤਾਵਾਂ ਨੇ ਮੀਟਿੰਗਾਂ ਵਿੱਚ ਤਾਂ ਸ਼ੁਰੂ ਤਿੱਖੀ ਕੀਤੀ ਸੀ, ਪਰ ਖੁੱਲ੍ਹੀ ਬਗ਼ਾਵਤ ਦੇ ਲੱਛਣ ਹੁਣ ਦਿਸਣ ਲੱਗੇ ਹਨ। ਉਧਰ ਲੋਕਾਂ ਵਿੱਚ ਇਹ ਪ੍ਰਭਾਵ ਹੈ ਕਿ ਜ਼ਿਆਦਾਤਰ ਅਕਾਲੀ ਆਗੂਆਂ ਦੀ ਕਾਂਗਰਸ ਸਰਕਾਰ ਨਾਲ ਅੰਦਰਖਾਤੇ ਗੰਢਤੁਪ ਹੈ। ਇਸੇ ਦੌਰਾਨ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਪਾਰਟੀ ਅੰਦਰ ਕੋਈ ਸੰਕਟ ਨਹੀਂ ਹੈ। ਸ੍ਰੀ ਢੀਂਡਸਾ ਨੇ ਸਿਹਤ ਨਾਸਾਜ਼ ਰਹਿਣ ਕਰ ਕੇ ਅਸਤੀਫ਼ਾ ਦਿੱਤਾ ਹੈ।
ਅਸੀਂ ਆਪਣਾ ਰੋਸ ਦਰਸਾਇਆ: ਬ੍ਰਹਮਪੁਰਾ
ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸੀਨੀਅਰ ਆਗੂਆਂ ਨੂੰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਕਾਰਜਸ਼ੈਲੀ ’ਤੇ ਇਤਰਾਜ਼ ਹੈ। ਸ੍ਰੀ ਬ੍ਰਹਮਪੁਰਾ ਨੇ ਕਿਹਾ ਕਿ ਪਾਰਟੀ ਵਿੱਚ ਵੱਡੀ ਗਿਣਤੀ ਵਰਕਰ ਤੇ ਲੀਡਰ ਨਿਰਾਸ਼ਾ ਦੇ ਆਲਮ ਵਿੱਚ ਹਨ। ਮਾਝੇ ਦੇ ਆਗੂਆਂ ਨੇ ਕੁਝ ਮੁੱਦਿਆਂ ਬਾਰੇ ਆਪਣਾ ਰੋਸ ਜ਼ਾਹਿਰ ਕੀਤਾ ਹੈ ਤੇ ਉਮੀਦ ਹੈ ਕਿ ਪਾਰਟੀ ਵਿੱਚ ਵੱਡੇ ਸੁਧਾਰ ਜ਼ਰੂਰ ਹੋਣਗੇ।