ਵਾਸ਼ਿੰਗਟਨ : ਏ. ਟੀ. ਪੀ. ਟੂਰ ਨੇ ਫ੍ਰਾਂਸ ਦੇ ਬੇਨੋਈਟ ਪੇਅਰੇ ‘ਤੇ ਏ. ਟੀ. ਪੀ. ਵਾਸ਼ਿੰਗਟਨ ਓਪਨ ਦੇ ਪਹਿਲੇ ਦੌਰ ਦੇ ਮੈਚ ਦੌਰਾਨ ਟੈਨਿਸ ਕੋਰਟ ‘ਚ ਨਾਰਾਜ਼ਗੀ ਜ਼ਾਹਿਰ ਕਰਨ ਲਈ 16,500 ਡਾਲਰ ਦਾ ਜ਼ੁਰਮਾਨਾ ਲਗਾਇਆ ਹੈ। ਪੇਅਰੇ ਨੂੰ ਸਾਈਪ੍ਰਸ ਦੇ ਮਾਰਕਸ ਬਘਦਾਤਿਸ ਨਾਲ 3-6, 6-3, 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਖਰੀ ਸੈੱਟ ‘ਚ ਉਹ 2-4 ਨਾਲ ਪੱਛੜ ਰਹੇ ਸੀ ਪਰ 55ਵੇਂ ਰੈਂਕ ਦਾ ਇਹ ਫ੍ਰਾਂਸੀਸੀ ਖਿਡਾਰੀ ਨੈਟ ‘ਤੇ ਸਮੈਸ਼ ਕਰਨ ਤੋਂ ਨਾਰਾਜ਼ ਹੋ ਗਿਆ। ਉਸ ਨੇ ਵਾਰ-ਵਾਰ ਰੈਕੇਟ ਕੋਰਟ ‘ਤੇ ਮਾਰਿਆ ਅਤੇ ਫਿਰ ਗੁੱਸੇ ‘ਚ ਇਸ ‘ਤੇ ਪੈਰ ਮਾਰ ਬੈਠਾ। ਬਘਦਾਤਿਸ ਨੇ ਪੇਅਰੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ ਕੀਤੀ ਪਰ ਉਨ੍ਹਾਂ ਨੇ ਦੋ ਹੋਰ ਰੈਕੇਟ ਕੋਰਟ ‘ਤੇ ਮਾਰ ਦਿੱਤੇ ਜਿਸਦੇ ਬਾਅਦ ‘ਬਾਲ ਪਰਸਨ’ ਨੇ ਉਸ ਨੂੰ ਹਟਾਇਆ। 

ਹਾਲਾਂਕਿ ਆਖਰ ‘ਚ ਉਸ ਨੇ ਬਘਦਾਤਿਸ ਨੂੰ ਜਿੱਤ ਦੀ ਵਧਾਈ ਦਿੱਤੀ ਪਰ ਕੋਰਟ ਤੋਂ ਬਾਹਰ ਨਿਕਲਣ ‘ਤੇ ਉਸਦੀ ਹੂਟਿੰਗ ਹੋਣ ਲੱਗੀ। ਪੇਅਰੇ ‘ਚ ਲੱਗਾ ਜ਼ੁਰਮਾਨਾ ਇਸ ਟੂਰਨਾਮੈਂਟ ‘ਚ ਖੇਡਣ ਦੇ ਲਈ ਉਸ ਨੂੰ ਮਿਲੀ ਰਾਸ਼ੀ ਦਾ ਦੁਗਣਾ ਹੈ। ਏ. ਟੀ. ਪੀ. ਟੂਰ ਨੇ ਖੇਡ ਭਾਵਨਾ ਦੇ ਖਿਲਾਫ ਵਤੀਰਾ ਕਰਨ ਲਈ ਉਸ ‘ਤੇ ਜ਼ੁਰਮਾਨਾ ਲਗਾਇਆ ਹੈ।