ਨਵੀਂ ਦਿੱਲੀ, 6 ਜੂਨ
ਫੌਜ ਮੁਖੀ ਜਨਰਲ ਮਨੋਜ ਪਾਂਡੇ ਅੱਜ ਦੋ ਰੋਜ਼ਾ ਦੌਰੇ ’ਤੇ ਬੰਗਲਾਦੇਸ਼ ਪੁੱਜੇ। ਇਸ ਦੌਰਾਨ ਉਹ ਗੁਆਂਂਢੀ ਮੁਲਕ ਦੇ ਸਿਖਰਲੇ ਫੌਜ਼ ਅਧਿਕਾਰੀਆਂ ਨਾਲ ਦੁਵੱਲੇ ਰੱਖਿਆ ਤੇ ਸੁਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਕਰਨਗੇ। ਫੌਜ ਮੁਖੀ ਵਜੋਂ ਜਨਰਲ ਪਾਂਡੇ ਦੀ ਇਹ ਦੂਜੀ ਬੰਗਲਾਦੇਸ਼ ਫੇਰੀ ਹੈ। ਸਿਖਰਲਾ ਅਹੁਦਾ ਸੰਭਾਲਣ ਮਗਰੋਂ ਉਹ ਪਿਛਲੇ ਸਾਲ ਜੁਲਾਈ ਵਿੱਚ ਵਿਦੇਸ਼ੀ ਦੌਰੇ ’ਤੇ ਉੱਥੇ ਗੲੇ ਸਨ। ਫੌਜ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਫੌਜ ਮੁਖੀ ਬੰਗਲਾਦੇਸ਼ ਦੀ ਸੀਨੀਅਰ ਫੌਜੀ ਲੀਡਰਸ਼ਿਪ ਨਾਲ ਮੀਟਿੰਗ ਕਰਨਗੇ ਜਿਸ ਦੌਰਾਨ ਉਹ ਭਾਰਤ ਤੇ ਬੰਗਲਾਦੇਸ਼ ਦੇ ਰੱਖਿਆ ਸਬੰਧਾਂ ਨੂੰ ਗੂੜ੍ਹਾ ਕਰਨ ਲਈ ਵਿਚਾਰ ਵਟਾਂਦਰਾ ਕਰਨਗੇ। ਜਨਰਲ ਪਾਂਡੇ ਮੰਗਲਵਾਰ ਨੂੰ ਚਟੋਗ੍ਰਾਮ ਵਿੱਚ ਬੰਗਲਾਦੇਸ਼ ਮਿਲਟਰੀ ਅਕੈਡਮੀ (ਬੀਐਮਏ) ਵਿੱਚ 84ਵੇਂ ‘ਲੌਂਗ ਕੋਰਸ’ ਦੇ ਅਫਸਰ ਕੈਡਿਟਾਂ ਦੀ ਪਾਸਿੰਗ-ਆਊਟ ਪਰੇਡ’ (ਪੀਓਪੀ) ਦੀ ਸਮੀਖਿਆ ਕਰਨਗੇ। ਪਰੇਡ ਦੌਰਾਨ ਫੌਜ ਮੁਖੀ ‘ਬੰਗਲਾਦੇਸ਼ ਭਾਰਤ ਦੋਸਤਾਨਾ ਟਰਾਫੀ’ ਭੇਟ ਕਰਨਗੇ ਜੋ ਬਿਹਤਰੀਨ ਵਿਦੇਸ਼ੀ ਕੈਡੇਟ ਨੂੰ ਦਿੱਤੀ ਜਾਂਦੀ ਹੈ। ਇਸ ਸਾਲ ਦੀ ਇਸ ਟਰਾਫੀ ਨਾਲ ਤਨਜ਼ਾਨੀਆ ਦੇ ਅਫਸਰ ਕੈਡੇਟ ਐਵਰਟਨ ਦਾ ਸਨਮਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦਸ ਜੂਨ ਨੂੰ ਫੌਜ ਮੁਖੀ ਦੇਹਰਾਦੂਨ ਦੇ ਆਈਐਮਏ ਵਿੱਚ ਪੀਓਪੀ ਦੀ ਸਮੀਖਿਆ ਕਰਨਗੇ ਤੇ ਬੰਗਲਾਦੇਸ਼ ਮੈਡਲ ਤੇ ਟਰਾਫੀ ਭੇਟ ਕਰਨਗੇ।