ਓਨਟਾਰੀਓ, 14 ਜੂਨ : ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਵੱਲੋਂ ਪ੍ਰੋਵਿੰਸ ਭਰ ਵਿੱਚ ਮਿਉਂਸਪਲ ਬਜਟ ਵਿੱਚ ਕਟੌਤੀਆਂ ਲਈ ਯੋਜਨਾ ਬਣਾਈ ਗਈ ਹੈ ਪਰ ਪ੍ਰੋਵਿੰਸੀਅਲ ਸਰਕਾਰ ਵੱਲੋਂ 200 ਮਿਲੀਅਨ ਡਾਲਰ ਪੇਂਡੂ ਕਮਿਊਨਿਟੀਜ਼ ਨੂੰ ਵੀ ਮੁਹੱਈਆ ਕਰਵਾਇਆ ਗਿਆ। ਇਸ ਰਕਮ ਵਿੱਚੋਂ ਵੀ 71 ਫੀ ਸਦੀ ਰਕਮ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਐਮਪੀਪੀਜ਼ ਦੀ ਨੁਮਾਇੰਦਗੀ ਵਾਲੇ ਹਲਕਿਆਂ ਨੂੰ ਦਿੱਤਾ ਗਿਆ ਹੈ।
ਓਨਟਾਰੀਓ ਦੀਆਂ 444 ਮਿਊਂਸਪੈਲਿਟੀਜ਼ ਨੂੰ ਮੁਹੱਈਆ ਕਰਵਾਏ ਗਏ ਫੰਡ ਬਜਟ ਤੋਂ ਦੋ ਹਫਤੇ ਪਹਿਲਾਂ ਦਿੱਤੇ ਗਏ। ਪਬਲਿਕ ਹੈਲਥ ਯੂਨਿਟਸ ਤੇ ਹੋਰਨਾਂ ਪ੍ਰੋਗਰਾਮਾਂ ਲਈ ਬਜਟ ਵਿੱਚ ਕਟੌਤੀਆਂ ਤੋਂ ਬਾਅਦ ਇਹ ਰਕਮ ਮਿਉਂਸਪੈਲਿਟੀਜ਼ ਨੂੰ ਮਿਲੀ। ਇਸ ਦੌਰਾਨ ਪ੍ਰੀਮੀਅਰ ਡੱਗ ਫੋਰਡ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਪ੍ਰੋਵਿੰਸ ਦੇ ਘਾਟੇ ਨੂੰ ਖ਼ਤਮ ਕਰਨ ਲਈ ਸਾਰੀਆਂ ਮਿਉਂਸਪੈਲਿਟੀਜ਼ ਨੂੰ 4 ਫੀ ਸਦੀ ਦੀ ਬਚਤ ਕਰਨੀ ਚਾਹੀਦੀ ਹੈ।
ਵਿੱਤੀ ਸੰਕਟ ਦੌਰਾਨ ਮਿਲਣ ਵਾਲੇ ਫੰਡ ਕਈ ਮੇਅਰਜ਼ ਲਈ ਹੈਰਾਨੀ ਵਾਲੀ ਗੱਲ ਹੈ। ਇਨ੍ਹਾਂ ਵਿੱਚੋਂ ਕੁੱਝ ਮੇਅਰਜ਼ ਦਾ ਕਹਿਣਾ ਹੈ ਕਿ ਇਹ ਫੰਡ ਹਾਸਲ ਹੋਣ ਤੋਂ ਦੋ ਮਹੀਨੇ ਬਾਅਦ ਵੀ ਉਹ ਇਹ ਫੈਸਲਾ ਨਹੀਂ ਕਰ ਪਾ ਰਹੇ ਕਿ ਇਨ੍ਹਾਂ ਨੂੰ ਖਰਚ ਕਿਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ। ਇੱਕ ਵਿਸ਼ਲੇਸ਼ਣ ਅਨੁਸਾਰ ਵੰਡੇ ਗਏ 200 ਮਿਲੀਅਨ ਡਾਲਰ ਵਿੱਚ 70.8 ਫੀ ਸਦੀ (ਭਾਵ 141 ਮਿਲੀਅਨ ਡਾਲਰ) ਉਨ੍ਹਾਂ ਹਲਕਿਆਂ ਦੀਆਂ ਮਿਉਂਸਪੈਲਿਟੀਜ਼ ਨੂੰ ਦਿੱਤੇ ਗਏ ਜਿਨ੍ਹਾਂ ਦੀ ਨੁਮਾਇੰਦਗੀ ਪ੍ਰੋਗਰੈਸਿਵ ਕੰਜ਼ਰਵੇਟਿਵਜ਼ ਕਰਦੇ ਹਨ। ਐਨਡੀਪੀ ਦੀ ਅਗਵਾਈ ਵਾਲੇ ਹਲਕਿਆਂ ਨੂੰ 36.2 ਮਿਲੀਅਨ ਡਾਲਰ (ਭਾਵ 18.2 ਫੀ ਸਦੀ) ਦਿੱਤੇ ਗਏ ਜਦਕਿ ਲਿਬਰਲਾਂ, ਜਿਨ੍ਹਾਂ ਕੋਲ ਵਿਧਾਨਸਭਾ ਵਿੱਚ ਸਿਰਫ ਸੱਤ ਸੀਟਾਂ ਹੀ ਹਨ, ਦੇ ਹਿੱਸੇ 3.1 ਮਿਲੀਅਨ ਡਾਲਰ (ਭਾਵ 1.6 ਫੀ ਸਦੀ ) ਹੀ ਆਏ।
ਇੱਥੇ ਦੱਸਣਾ ਬਣਦਾ ਹੈ ਕਿ ਕੁਈਨਜ਼ ਪਾਰਕ ਵਿੱਚ ਪੀਸੀ ਪਾਰਟੀ ਕੋਲ 124 ਸੀਟਾਂ ਵਿੱਚੋਂ 73 ਸੀਟਾਂ ਹਨ। ਸਰਕਾਰ ਇਸ ਦੀ ਸਫਾਈ ਦਿੰਦੀ ਆਖਦੀ ਹੈ ਕਿ ਇਹ ਪੈਸਾ ਆਕਾਰ ਦੇ ਆਧਾਰ ਉੱਤੇ ਹੀ ਪੇਂਡੂ ਮਿਉਂਸਪੈਲਿਟੀਜ਼ ਨੂੰ ਵੰਡਿਆ ਗਿਆ। ਮਿਉਂਸਪਲ ਮਾਮਲਿਆਂ ਬਾਰੇ ਮੰਤਰੀ ਸਟੀਵ ਕਲਾਰਕ ਦਾ ਕਹਿਣਾ ਹੈ ਕਿ ਇਸ ਫੰਡ ਲਈ ਕਿਸੇ ਤਰ੍ਹਾਂ ਦੀ ਸ਼ਰਤ ਨਹੀਂ ਸੀ ਰੱਖੀ ਗਈ। ਅਸਲ ਵਿੱਚ ਇਹ ਫੰਡ ਨਿੱਕੀਆਂ ਮਿਉਂਸਪੈਲਿਟੀਜ਼ ਦੇ ਹੱਥ ਮਜ਼ਬੂਤ ਕਰਨ ਲਈ ਦਿੱਤੇ ਗਏ ਸਨ।