ਨਵੀਂ ਦਿੱਲੀ, 9 ਸਤੰਬਰ

ਅਮਰੀਕਾ ਦੀ ਆਟੋ ਕੰਪਨੀ ਫੋਰਡ ਮੋਟਰ ਭਾਰਤ ਵਿੱਚ ਆਪਣੇ ਦੋ ਨਿਰਮਾਣ ਪਲਾਂਟ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਕੰਪਨੀ ਹੁਣ ਦੇਸ਼ ਵਿੱਚ ਸਿਰਫ ਦਰਾਮਦ ਕੀਤੇ ਵਾਹਨ ਹੀ ਵੇਚੇਗੀ। ਕੰਪਨੀ ਦੇ ਇਸ ਫ਼ੈਸਲੇ ਨਾਲ 4800 ਕਰਮਚਾਰੀਆਂ ਵਿੱਚ ਦਹਿਸ਼ਤ ਫੈਲ ਗਈ ਹੈ। ਕੰਪਨੀ ਨੇ ਆਪਣੇ ਚੇੱਨਈ (ਤਾਮਿਲਨਾਡੂ) ਅਤੇ ਸਾਨੰਦ (ਗੁਜਰਾਤ) ਪਲਾਂਟਾਂ ਵਿੱਚ ਲਗਭਗ 2.5 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ, ਇਨ੍ਹਾਂ ਪਲਾਂਟਾਂ ਵਿੱਚ ਈਕੋਸਪੋਰਟ, ਫਿਗੋ ਅਤੇ ਐਸਪਾਇਰ ਵਰਗੇ ਵਾਹਨਾਂ ਦਾ ਉਤਪਾਦਨ ਬੰਦ ਕਰ ਦੇਵੇਗੀ। ਯੂਨੀਅਨ ਦੇ ਅਹੁਦੇਦਾਰ ਨੇ ਕਿਹਾ, ‘ਕੰਪਨੀ ਨੇ ਆਪਣੇ ਦੋ ਭਾਰਤੀ ਪਲਾਂਟ ਬੰਦ ਕਰਨ ਦਾ ਫੈਸਲਾ ਕੀਤਾ ਹੈ। ਪ੍ਰਬੰਧਨ ਨੇ ਸਾਡੇ ਭਵਿੱਖ ਬਾਰੇ ਸਾਡੇ ਨਾਲ ਗੱਲ ਨਹੀਂ ਕੀਤੀ। ਸ਼ਾਇਦ ਸੋਮਵਾਰ ਨੂੰ ਅਧਿਕਾਰੀ ਸਾਡੇ ਨਾਲ ਗੱਲਬਾਤ ਕਰਨਗੇ।’ ਉਨ੍ਹਾਂ ਦੇ ਅਨੁਸਾਰ ਫੋਰਡ ਇੰਡੀਆ ਦੇ ਚੇੱਨਈ ਪਲਾਂਟ ਵਿੱਚ 2,700 ਸਹਿਯੋਗੀ (ਸਥਾਈ ਕਾਮੇ) ਅਤੇ ਲਗਭਗ 600 ਸਟਾਫ ਮੈਂਬਰ ਹਨ, ਜਦੋਂ ਕਿ ਸਾਨੰਦ ਵਿੱਚ ਕਰਮਚਾਰੀਆਂ ਦੀ ਗਿਣਤੀ ਕਰੀਬ 1,500 ਹੈ।