ਇਹ ਪਹਿਲੀ ਵਾਰ ਨਹੀਂ ਸੀ ਹੋਇਆ ਕਿ ਰਮਨ ਨੂੰ ਉਸ ਦੇ ਘਰ ਆ ਕੇ, ਵੇਖ ਵੇਖਾਈ ਕਰਕੇ ਮੁੰਡੇ ਵਾਲੇ ਨਾਂਹ ਕਰ ਗਏ ਹੋਣ। ਪਹਿਲਾਂ ਵੀ ਦੋ ਚਾਰ ਵਾਰ ਰਮਨ ਇਸ ਪੀੜ ਵਿਚੋਂ ਲੰਘ ਚੁੱਕੀ ਸੀ। ਉਹ ਜਾਣਦੀ ਸੀ ਕਿ ਇਸ ਸਮਾਜ ਵਿਚ ‘ਕਾਲੇ ਕਰਮਾਂ ਵਾਲੇ, ਗੋਰਿਆਂ ਨੂੰ ਦਫ਼ਾ ਕਰੋ’ ਮਨ ਪ੍ਰਚਾਵੇ ਲਈ ਕਹੇ ਜਾਣ ਵਾਲੇ ਅਖਾਣ ਤੋਂ ਵੱਧ ਕੁਝ ਨਹੀਂ ਹਨ। ਹਕੀਕਤ ਇਸ ਤੋਂ ਬਿਲਕੁਲ ਵੱਖਰੀ ਹੈ।
ਰਮਨ ਸਾਂਵਲੇ ਰੰਗ ਦੀ ਬਹੁਤ ਸਾਊ, ਸੁਸ਼ੀਲ, ਕੰਮ ਕਾਜੀ ਹੋਣ ਦੇ ਨਾਲ ਨਾਲ ਪੜ੍ਹੀ ਲਿਖੀ ਕੁੜੀ ਸੀ। ਜਦੋਂ ਕਿਧਰੇ ਵੀ ਕੋਈ ਵਿਚੋਲਾ ਰਿਸ਼ਤੇ ਦੀ ਦੱਸ ਪਾਉਂਦਾ ਤਾਂ ਉਸ ਦੀ ਸਟੂਡੀਓ ਤੋਂ ਖਿਚਵਾਈ ਹੋਈ ਫੋਟੋ, ਜਿਸ ਨੂੰ ਬਹੁਤ ਵਧੀਆ ਢੰਗ ਨਾਲ ਫੋਟੋਗ੍ਰਾਫ਼ੀ ਕਰਕੇ, ਕੰਪਿਊਟਰ ਦੇ ਫਿਲਟਰਾਂ ਨਾਲ ਗੋਰਾ ਚਿੱਟਾ ਕਰਕੇ ਬਣਾਇਆ ਹੁੰਦਾ ਸੀ, ਉਹ ਭੇਜ ਦਿੱਤੀ ਜਾਂਦੀ।
ਫੋਟੋ ਵੇਖ ਤਾਂ ਹਰ ਕਿਸੇ ਨੂੰ ਉਹ ਪਸੰਦ ਆ ਜਾਂਦੀ, ਪਰ ਜਦੋਂ ਵੇਖਾ ਵਿਖਾਈ ਦੀ ਰਸਮ ਹੁੰਦੀ ਤਾਂ ਮੁੰਡੇ ਵਾਲੇ ਸਾਂਵਲੇ ਰੰਗ ਕਰਕੇ ਨਾਂਹ ਕਰ ਜਾਂਦੇ। ਜਦੋਂਕਿ ਮੁੰਡੇ ਵਾਲਿਆਂ ਨੇ ਵੀ ਫਿਲਟਰ ਵਾਲੀ ਫੋਟੋ ਹੀ ਭੇਜੀ ਹੁੰਦੀ ਸੀ, ਪਰ ਕੁੜੀਆਂ ਤਾਂ ਕੁੜੀਆਂ ਨੇ, ਕੁੜੀਆਂ ਦਾ ਕੀ ਹੈ? ਵਾਲੀ ਗੱਲ ਹੀ ਸੱਚ ਹੋ ਜਾਂਦੀ।
ਰਮਨ ਹਮੇਸ਼ਾਂ ਫਿਲਟਰਾਂ ਵਾਲੀ ਫੋਟੋ ਦਾ ਵਿਰੋਧ ਕਰਦੀ, ਪਰ ਉਸ ਦੀ ਕੋਈ ਨਾ ਸੁਣਦਾ। ਇਸ ਵਾਰ ਉਹ ਖ਼ੁਦ ਸਟੂਡੀਓ ਗਈ ਤੇ ਫੋਟੋਗ੍ਰਾਫ਼ਰ ਨੂੰ ਸਾਦੀ ਫੋਟੋ ਖਿੱਚਣ ਲਈ ਕਿਹਾ ਤਾਂ ਫੋਟੋਗ੍ਰਾਫ਼ਰ ਕਹਿਣ ਲੱਗਾ, ‘ਫ਼ਿਕਰ ਨਾ ਕਰੋ ਭੈਣ ਜੀ, ਸਾਡੀ ਫੋਟੋਗ੍ਰਾਫ਼ੀ ਤਾਂ ਪੂਰੇ ਸ਼ਹਿਰ ’ਚ ਮਸ਼ਹੂਰ ਹੈ।’ ਰਮਨ ਕਹਿਣ ਲੱਗੀ, ‘ਮੈਂ ਫੋਟੋਗ੍ਰਾਫ਼ੀ ਕਰਵਾਉਣ ਨਹੀਂ ਆਈ, ਬਸ ਮੈਂ ਜਿਵੇਂ ਦੀ ਹੈਗੀ ਹਾਂ, ਬਿਨਾਂ ਲੱਲੇ ਭੱਬੇ ਤੋਂ ਸਾਦੀ ਜਿਹੀ ਸਾਈਡ ਪੋਜ਼ ਦੀ ਫੋਟੋ ਖਿੱਚ ਦਿਓ।’
ਇਹ ਤਸਵੀਰ ਲੈ ਕੇ ਉਹ ਘਰ ਆਈ ਤੇ ਮੰਮੀ-ਪਾਪਾ ਨੂੰ ਕਹਿਣ ਲੱਗੀ, ‘ਹੁਣ ਜੇ ਕਿਤੇ ਮੇਰੀ ਫੋਟੋ ਭੇਜਣੀ ਹੋਈ ਤਾਂ ਇਹੀ ਭੇਜਣਾ।’ ਰਮਨ ਦੀ ਗੱਲ ਮੰਨ ਲਈ ਗਈ ਤੇ ਜਿੱਥੋਂ ਨਵੀਂ ਦੱਸ ਪਈ ਸੀ, ਉੱਥੇ ਇਹ ਵਾਲੀ ਤਸਵੀਰ ਹੀ ਭੇਜੀ ਗਈ। ਅਗਲਿਆਂ ਨੇ ਵੀ ਨਾਲ ਹੀ ਆਪਣੇ ਮੁੰਡੇ ਦੀ ਤਸਵੀਰ ਵੀ ਵਿਚੋਲੇ ਹੱਥ ਭੇਜ ਦਿੱਤੀ।
ਮੁੰਡੇ ਦੀ ਤਸਵੀਰ ਦੇਖ ਕੇ ਰਮਨ ਤੇ ਉਸ ਦੀਆਂ ਸਹੇਲੀਆਂ ਬਹੁਤ ਹੱਸੀਆਂ ਕਿਉਂਕਿ ਮੁੰਡਾ ਇਕਦਮ ਗੋਰਾ ਚਿੱਟਾ ਤੇ ਸੋਹਣਾ ਸੁਨੱਖਾ ਸੀ, ਲੱਗਦਾ ਤਾਂ ਇੰਜ ਸੀ ਕਿ ਫੋਟੋਗ੍ਰਾਫ਼ੀ ਲਈ ਫੋਟੋਗ੍ਰਾਫ਼ਰ ਨੂੰ ਵਾਹਵਾ ਪੈਸੇ ਦਿੱਤੇ ਗਏ ਹੋਣ।
ਖ਼ੈਰ! ਆਉਂਦੇ ਐਤਵਾਰ ਮੁੰਡੇ ਵਾਲਿਆਂ ਨੇ ਕੁੜੀ ਵਾਲਿਆਂ ਨੂੰ ਕਹਿ ਦਿੱਤਾ ਕਿ ਪਹਿਲਾਂ ਆ ਕੇ ਸਾਡਾ ਘਰ ਬਾਹਰ ਦੇਖ ਲਓ, ਫੇਰ ਹੀ ਅਸੀਂ ਕੁੜੀ ਦੇਖਣ ਆਵਾਂਗੇ। ਇਸ ਤਰ੍ਹਾਂ ਹੀ ਹੋਇਆ ਤੇ ਰਮਨ ਦੇ ਮਾਤਾ-ਪਿਤਾ ਨੂੰ ਸਭ ਬਹੁਤ ਪਸੰਦ ਆਇਆ। ਮੁੰਡਾ ਉਹੋ ਜਿਹਾ ਹੀ ਸੀ ਜਿਹੋ ਜਿਹੀ ਉਹਨੇ ਫੋਟੋ ਭੇਜੀ ਸੀ। ਸੋਹਣਾ ਸੁਨੱਖਾ, ਹੱਸਮੁਖ, ਮਿਲਾਪੜਾ, ਗੋਰਾ ਚਿੱਟਾ ਤੇ ਲੰਮਾ ਉੱਚਾ।
ਜਦੋਂ ਇਸ ਸਭ ਬਾਰੇ ਰਮਨ ਨੂੰ ਪਤਾ ਲੱਗਾ ਤਾਂ ਉਹ ਹੈਰਾਨ ਹੀ ਰਹਿ ਗਈ ਕਿ ਇਹ ਸਭ ਕਿਵੇਂ ਹੋ ਗਿਆ। ਹਫ਼ਤੇ ਬਾਅਦ ਹੀ ਮੁੰਡੇ ਵਾਲਾ ਪਰਿਵਾਰ ਮੁੰਡੇ ਸਮੇਤ ਕੁੜੀ ਵਾਲਿਆਂ ਦੇ ਘਰ ਆ ਗਿਆ। ਜਦੋਂ ਮੁੰਡਾ-ਕੁੜੀ ਦੀ ਆਪਸ ਵਿਚ ਗੱਲਬਾਤ ਕਰਾਉਣ ਲਈ ਦੋਵਾਂ ਨੂੰ ਅਲੱਗ ਬੈਠਾਇਆ ਗਿਆ ਤਾਂ ਰਮਨ ਨੇ ਇਹੀ ਸਵਾਲ ਕੀਤਾ ਕਿ ਤੁਸੀਂ ਹਾਂ ਕਰਨ ਤੋਂ ਪਹਿਲਾਂ ਇਕ ਵਾਰ ਵੀ ਮੇਰੇ ਰੰਗ ਰੂਪ ਬਾਰੇ ਨਹੀਂ ਸੋਚਿਆ ਤਾਂ ਜਸਬੀਰ (ਮੁੰਡਾ) ਕਹਿਣ ਲੱਗਾ, ਰੰਗ ਰੂਪ ਬਾਰੇ ਤਾਂ ਉਹ ਸੋਚਦੇ ਜਿਨ੍ਹਾਂ ਨੂੰ ਚੰਮ ਨਾਲ ਪਿਆਰ ਹੋਵੇ। ਮੈਨੂੰ ਤਾਂ ਜਦੋਂ ਵਿਚੋਲੇ ਨੇ ਤੁਹਾਡੀਆਂ ਖੂਬੀਆਂ, ਤੁਹਾਡੀ ਪੜ੍ਹਾਈ ਲਿਖਾਈ ਬਾਰੇ ਦੱਸਿਆ ਤੇ ਤੁਹਾਡੇ ਪਰਿਵਾਰ ਬਾਰੇ ਦੱਸਿਆ ਤਾਂ ਮੈਂ ਉਸ ਵੇਲੇ ਹੀ ਹਾਂ ਕਹਿ ਦਿੱਤੀ ਸੀ ਕਿਉਂਕਿ ਮੈਨੂੰ ਤੇ ਮੇਰੇ ਪਰਿਵਾਰ ਨੂੰ ਇਸ ਤਰ੍ਹਾਂ ਦੀ ਕੁੜੀ ਹੀ ਚਾਹੀਦੀ ਸੀ, ਜੋ ਗੁਣਾਂ ਦੀ ਖਾਣ ਹੋਵੇ ਨਾ ਕਿ ਬਿਊਟੀ ਪਾਰਲਰ ਦੀ ਦੁਕਾਨ। ਇਹ ਕਹਿੰਦਿਆਂ ਉਹ ਦੋਵੇਂ ਖਿੜਖਿੜਾ ਕੇ ਹੱਸ ਪਏ।
ਜਸਬੀਰ ਕਹਿੰਦਾ ਕਿ ਮੈਂ ਪੜ੍ਹਨ ਲਿਖਣ ਦਾ ਬੜਾ ਸ਼ੌਕੀਨ ਹਾਂ, ਇਕ ਥਾਂ ਲਿਖਿਆ ਪੜ੍ਹਿਆ ਸੀ :
ਸਾਂਵਲੇ ਜਿਹੇ ਰੰਗ ਵਾਲੀ
ਦਿਲ ਦੀ ਕੋਈ ਰਾਣੀ ਬਣੂ
ਰੰਗਾਂ ਗੋਰਿਆਂ ਤੋਂ ਲੈਣਾ ਦੱਸ ਕੀ?
ਮੇਰੇ ਬਿਨਾਂ ਉਹਦਾ, ਉਹਦਾ ਮੇਰੇ ਬਿਨਾਂ ਯਾਰਾ
ਇਕ ਪਲ ਵੀ ਨਹੀਂ ਲੱਗਣਾ ਹੈ ਜੀਅ।
ਇਕ ਦੂਜੇ ਨਾਲ ਕਰਨਾ ਪਿਆਰ ਅਸੀਂ
ਦੁਨੀਆ ਤੋਂ ਲੈਣਾ ਦੱਸ ਕੀ?
ਸੋ, ਰਮਨ ਜੀ ਮੇਰੇ ਵੱਲੋਂ ਤਾਂ ਹਾਂ ਹੈ, ਤੁਸੀਂ ਆਪਣਾ ਜੁਆਬ ਸੋਚ ਕੇ ਦੱਸ ਦਿਓ, ਤਾਂ ਰਮਨ ਕਹਿਣ ਲੱਗੀ ਮੇਰੇ ਕੋਲ ਨਾਂਹ ਕਹਿਣ ਦੀ ਕੋਈ ਵੀ ਵਜ੍ਹਾ ਨਹੀਂ ਹੈ। ਰਮਨ ਮਨ ਹੀ ਮਨ ਸੋਚ ਰਹੀ ਸੀ ਕਿ ਅੱਜ ਵੀ ਅਜਿਹੇ ਲੋਕ ਹਨ ਜੋ ਕੁੜੀਆਂ ਦੀ ਇੱਜ਼ਤ ਉਨ੍ਹਾਂ ਦੀ ਸ਼ਕਲ ਦੇਖ ਕੇ ਨਹੀਂ ਕਰਦੇ, ਬਲਕਿ ਉਨ੍ਹਾਂ ਦੇ ਗੁਣ ਦੇਖ ਕੇ ਕਰਦੇ ਨੇ। ਪਹਿਲਾਂ ਜਿੰਨੇ ਵੀ ਮੁੰਡੇ ਉਸ ਨੂੰ ਦੇਖਣ ਆਏ, ਉਹ ਆਪ ਤਾਂ ਰੰਗ ਬਿਰੰਗੇ ਸਨ, ਪਰ ਕੁੜੀ ਗੋਰੀ ਚਿੱਟੀ ਭਾਲਦੇ ਸਨ।
ਫਿਰ ਦੋਵੇਂ ਉੱਠੇ ਤੇ ਬਾਹਰ ਨੂੰ ਚੱਲ ਪਏ, ਪਰ ਅਚਾਨਕ ਰਮਨ ਰੁਕ ਗਈ ਤੇ ਕਹਿੰਦੀ, ‘ਇਕ ਮਿੰਟ, ਪਹਿਲਾਂ ਮੈਂ ਬਾਬਾ ਜੀ ਦੇ ਕਮਰੇ ’ਚ ਜਾ ਕੇ ਰੱਬ ਦਾ ਧੰਨਵਾਦ ਕਰ ਆਵਾਂ ਤੇ ਫੇਰ ਹੀ ਸਭ ਨੂੰ ਹਾਂ ਵਿਚ ਜੁਆਬ ਦੇਵਾਂ।’ ਜਸਬੀਰ ਤੇ ਰਮਨ ਦੋਵੇਂ ਹੱਸਦੇ-ਹੱਸਦੇ ਬਾਹਰ ਆ ਗਏ ਤਾਂ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਪਈ। ਪਰਿਵਾਰ ਦੋਵਾਂ ਦਾ ਜਵਾਬ ਸਮਝ ਚੁੱਕਾ ਸੀ। ਉਨ੍ਹਾਂ ਨੇ ਆਉਂਦਿਆਂ ਹੀ ਦੋਵਾਂ ਜੀਆਂ ਦਾ ਮੂੰਹ ਮਿੱਠਾ ਕਰਵਾ ਦਿੱਤਾ।