ਓਟਵਾ, 9 ਸਤੰਬਰ : ਪੰਜ ਫੈਡਰਲ ਪਾਰਟੀਆਂ ਦੇ ਆਗੂ ਅੱਜ ਦੋ ਇਲੈਕਸ਼ਨ ਡਿਬੇਟਸ ਵਿੱਚੋਂ ਇੱਕ ਵਿੱਚ ਹਿੱਸਾ ਲੈਣਗੇ। ਇਨ੍ਹਾਂ ਆਗੂਆਂ ਲਈ 20 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਵੋਟਰਜ਼ ਨੂੰ ਆਪਣੇ ਹੱਕ ਵਿੱਚ ਭੁਗਤਣ ਲਈ ਰਾਜ਼ੀ ਕਰਨ ਦਾ ਇਸ ਤੋਂ ਬਿਹਤਰ ਮੌਕਾ ਨਹੀਂ ਮਿਲ ਸਕੇਗਾ।
ਹੁਣ ਜਦੋਂ ਵੋਟਾਂ ਪੈਣ ਵਿੱਚ ਦੋ ਹਫਤੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ ਤਾਂ ਅਜਿਹੇ ਵਿੱਚ ਕਈ ਮਿਲੀਅਨ ਵੋਟਰਜ਼ ਦੇ ਅੱਜ ਰਾਤੀਂ ਹੋਣ ਜਾ ਰਹੀ ਦੋ ਘੰਟੇ ਦੀ ਫਰੈਂਚ ਭਾਸ਼ਾ ਦੀ ਬਹਿਸ ਤੇ ਵੀਰਵਾਰ ਨੂੰ ਹੋਣ ਜਾ ਰਹੀ ਇੰਗਲਿਸ਼ ਭਾਸ਼ਾ ਦੀ ਬਹਿਸ ਨਾਲ ਜੁੜਨ ਦੀ ਸੰਭਾਵਨਾ ਹੈ। ਲਿਬਰਲ ਆਗੂ ਜਸਟਿਨ ਟਰੂਡੋ, ਕੰਜ਼ਰਵੇਟਿਵ ਆਗੂ ਐਰਿਨ ਓਟੂਲ, ਐਨਡੀਪੀ ਆਗੂ ਜਗਮੀਤ ਸਿੰਘ, ਬਲਾਕ ਕਿਊਬਿਕੁਆ ਆਗੂ ਯਵੇਸ ਬਲਾਂਸ਼ੇ ਤੇ ਗ੍ਰੀਨ ਪਾਰਟੀ ਦੀ ਆਗੂ ਅਨੇਮੀ ਪਾਲ ਇਨ੍ਹਾਂ ਦੋਵਾਂ ਬਹਿਸਾਂ ਵਿੱਚ ਹਿੱਸਾ ਲੈਣਗੇ।
ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਆਗੂ ਮੈਕਸਿਮ ਬਰਨੀਅਰ ਇਸ ਬਹਿਸ ਵਿੱਚ ਹਿੱਸਾ ਲੈਣ ਦਾ ਕ੍ਰਾਈਟੇਰੀਆ ਪੂਰਾ ਨਹੀਂ ਸਨ ਕਰਦੇ ਇਸ ਲਈ ਉਨ੍ਹਾਂ ਨੂੰ ਇਸ ਵਾਸਤੇ ਸੱਦਾ ਨਹੀਂ ਦਿੱਤਾ ਗਿਆ ਹੈ।