ਪਟਿਆਲਾ/ਘਨੌਰ, 21 ਫਰਵਰੀ
ਪਟਿਆਲਾ ਜ਼ਿਲੇ ਵਿੱਚ ਸ਼ੰਭੂ-ਘਨੌਰ ਰੋਡ ’ਤੇ ਸਥਿਤ ਪਿੰਡ ਸੰਧਾਰਸੀ ਵਿਚਲੀ ‘ਹਿਮਾਲੀਆ ਫ੍ਰੈਸ਼ ਪ੍ਰੋਟੀਨ ਫੈਕਟਰੀ’ ਵਿੱਚ ਅੱਜ ਸਵੇਰੇ ਧਮਾਕੇ ਤੋਂ ਬਾਅਦ ਅਮੋਨੀਆ ਗੈਸ ਲੀਕ ਹੋਣ ਨਾਲ਼ ਹੋਏ ਧਮਾਕੇ ਦੌਰਾਨ ਤਿੰਨ ਕਾਮਿਆਂ ਦੀ ਮੌਤ ਹੋ ਗਈ ਜਦਕਿ ਗਿਆਰਾਂ ਜ਼ਖ਼ਮੀ ਹੋ ਗਏ ਜਿਨ੍ਹਾਂ ਦਾ ਸਰਕਾਰੀ ਰਾਜਿੰਦਰਾ ਹਸਪਤਾਲ਼ ਪਟਿਆਲਾ ਵਿਖੇ ਇਲਾਜ ਚੱਲ ਰਿਹਾ ਹੈ, ਛੇ ਦੀ ਹਾਲਤ ਗੰਭੀਰ ਹੈ|
ਫੈਕਟਰੀ ਵਿੱਚ     ਅਮੋਨੀਆ ਗੈਸ ਦਾ ਇੱਕ ਵੱਡਾ ਸਿਲੰਡਰ ਫਟਣ ਨਾਲ਼ ਹੋਏ ਧਮਾਕੇ ਦੀ ਆਵਾਜ਼ ਨੇੜਲੇ ਕਈ ਪਿੰਡਾਂ ਵਿਚ ਸੁਣਾਈ ਦਿੱਤੀ ਤੇ ਧਮਾਕੇ ਕਾਰਨ ਫੈਕਟਰੀ ਦਾ ਕੁਝ ਹਿੱਸਾ ਵੀ ਨੁਕਸਾਨਿਆ ਗਿਆ| ਇਸ ਦੌਰਾਨ, ਤਿੰਨ ਵਰਕਰਾਂ ਸੁਰਿੰਦਰ ਕੁਮਾਰ ਪੁੱਤਰ ਹਰਕੇਸ਼ ਕੁਮਾਰ ਵਾਸੀ ਪਿੰਡ ਸੋਗਲਪੁਰ, ਗੁਰਚਰਨ ਸਿੰਘ ਪੁੱਤਰ ਬਲਬੀਰ ਸਿੰਘ ਅਤੇ ਗੁਰਜਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਬਘੌਰਾ ਦੀ ਮੌਕੇ ‘ਤੇ ਹੀ ਮੌਤ ਹੋ ਗਈ| ਜ਼ਖ਼ਮੀ ਕਾਮਿਆਂ ਵਿੱਚੋਂ ਦੋ ਮਨੋਜ ਕੁਮਾਰ ਤੇ ਵਾਜਿਦ ਵੈਂਟੀਲੇਟਰ ‘ਤੇ ਹਨ ਜਦਕਿ ਓਮੇਸ਼ ਕੁਮਾਰ, ਨਿਰਮਲ ਕੁਮਾਰ, ਵਿਧਾਸਰੀ ਅਤੇ ਸ਼ਿਵਜੀ ਜੋਗੀਪੁਰ ਆਈਸੀਯੂ ਵਿੱਚ ਦਾਖ਼ਲ ਹਨ| ਮਹਿੰਦਰ ਰਾਮ ਜੋਗੀਪੁਰ, ਜੈ ਪ੍ਰਕਾਸ਼, ਜਤਿੰਦਰ ਭਗਤ, ਜੱਗੀ ਲਾਲ ਅਤੇ ਸੁਰਿੰਦਰ ਕੁਮਾਰ ਦਾ ਜਨਰਲ ਵਾਰਡ ਹਨ| ਥਾਣਾ ਘਨੌਰ ਦੇ ਮੁਖੀ ਦਾ ਕਹਿਣਾ ਸੀ ਕਿ  ਫੈਕਟਰੀ ਮਲਕਾਂ/ਸੰਚਾਲਕਾਂ ਵਜੋਂ ਅੱਧੀ ਦਰਜਨ ਵਿਅਕਤੀਆਂ ਦੇ ਖਿਲਾਫ਼ ਧਾਰਾ 304, 336,  280 ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਦਸਤਾਵੇਜ਼ਾਂ ਦੀ ਜਾਂਚ ਉਪਰੰਤ ਹੀ ਨਾਮ ਸ਼ਾਮਲ  ਕੀਤੇ ਜਾਣਗੇ|
ਹਸਪਤਾਲ਼ ਜਾ ਕੇ ਇਨ੍ਹਾਂ ਜ਼ਖਮੀਆਂ ਦਾ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਵੀ ਹਾਲ ਚਾਲ ਪੁੱਛਿਆ|ਡਿਪਟੀ ਕਮਿਸ਼ਨਰ ਵੱਲੋਂ ਐਸ.ਡੀ.ਐਮ ਰਾਜਪੁਰਾ ਦੀ ਅਗਵਾਈ ਹੇਠ ਚਾਰ ਮੈਂਬਰੀ ਜਾਂਚ ਕਮੇਟੀ ਬਣਾਈ ਗਈ ਹੈ ਜੋ ਹਫ਼ਤੇ ‘ਚ ਰਿਪੋਰਟ ਦੇਵੇਗੀ|
ਮਗਰੋਂ ਡਿਪਟੀ ਕਮਿਸ਼ਨਰ ਸਮੇਤ ਘਨੌਰ ਦੇ ਵਿਧਾਇਕ ਠੇਕੇਦਾਰ ਮਦਨ ਲਾਲ ਜਲਾਲਪੁਰ ਨੇ ਘਟਨਾ ਸਥਾਨ ਦਾ ਦੌਰਾ ਵੀ ਕੀਤਾ ਤੇ ਕਸੂਰਵਾਰ ਪਾਏ ਜਾਣ ਵਾਲ਼ਿਆਂ ਖਿਲਾਫ਼ ਕਾਰਵਾਈ ਦੀ ਗੱਲ ਆਖੀ| ਜਲਾਲਪੁਰ ਸਮੇਤ ਰਾਜਪੁਰਾ ਦੇ ਵਿਧਾਇਕ ਹਰਦਿਆਲ ਕੰਬੋਜ ਨੇ ਵੀ ਪੀੜਤ ਪਰਿਵਾਰਾਂ ਨਾਲ਼ ਹਮਦਰਦੀ ਜਤਾਈ| ਐਨਡੀਆਰਐਸ ਟੀਮ ਨੇ ਵੀ ਘਟਨਾ ਸਥਾਨ ‘ਤੇ ਜਾ ਕੇ ਹਾਲਾਤਾਂ ਨੂੰ ਵਾਚਿਆ|
ਉਧਰ, ਸੰਧਾਰਸੀ ਦੀ ਸਰਪੰਚ ਬਲਜੀਤ ਕੌਰ, ਲੰਬੜਦਾਰ ਰਣਧੀਰ ਸਿੰਘ ਅਤੇ ਬਲਾਕ ਸਮਿਤੀ ਮੈਂਬਰ ਲਾਲ ਸਿੰਘ ਮਰਦਾਂਪੁਰ ਦਾ ਕਹਿਣਾ ਸੀ ਕਿ ਸੰਧਾਰਸੀ ਸਮੇਤ ਆਲ਼ੇ ਦੁਆਲ਼ੇ ਦੇ ਅੱਠ ਪਿੰਡਾਂ ਨੂੰ ਸਨਅਤੀ ਜ਼ੋਨ ਐਲਾਨਿਆ ਹੋਣ ਕਰ ਕੇ ਇਥੇ ਦੋ ਦਰਜਨ ਤੋਂ ਵੀ ਵੱਧ ਫੈਕਟਰੀਆਂ ਲੱਗ ਚੁੱਕੀਆਂ ਹਨ ਜਿਸ ਕਰ ਕੇ ਇਥੇ ਹਰ ਸਮੇਂ ਐਂਬੂਲੈਂਸ ਅਤੇ ਫਾਇਰ ਬਿਗ੍ਰੇਡ ਦੀ ਸੁਵਿਧਾ ਹੋਣੀ ਚਾਹੀਦੀ ਹੈ|