ਲੁਧਿਆਣਾ, 30 ਨਵੰਬਰ
ਸਨਅਤੀ ਸ਼ਹਿਰ ਦੇ ਸੂਫ਼ੀਆ ਚੌਕ ਨੇੜੇ ਅੱਗ ਲੱਗਣ ਤੋਂ ਬਾਅਦ ਢਹਿ ਢੇਰੀ ਹੋਈ ਪੰਜ ਮੰਜ਼ਿਲਾ ਫੈਕਟਰੀ ਦੇ ਮਾਲਕ ਇੰਦਰਜੀਤ ਸਿੰਘ ਗੋਲਾ ਨੇ ਆਪਣੀ ਸਿਆਸੀ ਪਹੁੰਚ ਦਾ ਲਾਹਾ ਲੈਂਦਿਆਂ ਪਿਛਲੇ ਚਾਰ ਸਾਲ ਤੋਂ ਪ੍ਰਾਪਰਟੀ ਟੈਕਸ ਨਹੀਂ ਭਰਿਆ ਸੀ। 2015 ਵਿੱਚ ਇਸ ਇਮਾਰਤ ਦਾ ਨਗਰ ਨਿਗਮ ਨੇ ਸਾਢੇ ਦੱਸ ਲੱਖ ਰੁਪਏ ਦਾ ਚਲਾਨ ਵੀ ਕੀਤਾ ਸੀ ਪਰ ਉਹ ਕਾਗਜ਼ਾਂ ਵਿੱਚ ਹੀ ਦੱਬਿਆ ਰਹਿ ਗਿਆ। ਸਰਕਾਰੀ ਪਹੁੰਚ ਕਾਰਨ ਹਾਲਾਤ ਇਹ ਸਨ ਕਿ ਕੋਈ ਵੀ ਨਿਗਮ ਮੁਲਾਜ਼ਮ ਬਕਾਇਆ ਲੈਣ ਲਈ ਮਾਲਕ ਦੇ ਦਰਵਾਜ਼ੇ ’ਤੇ ਨਹੀਂ ਜਾਂਦਾ ਸੀ।
ਪ੍ਰਾਪਰਟੀ ਟੈਕਸ ਲਾਗੂ ਹੋਣ ਸਮੇਂ ਮਾਲਕ ਇੰਦਰਜੀਤ ਸਿੰਘ ਗੋਲਾ ਨੇ 2013 ਵਿੱਚ ‘ਸੈੱਲਫ ਅਸੈਸਮੈਂਟ’ ਜ਼ਰੀਏ ਇਸ ਇਮਾਰਤ ਦਾ 25 ਹਜ਼ਾਰ ਰੁਪਏ ਪ੍ਰਾਪਰਟੀ ਟੈਕਸ ਭਰਿਆ ਸੀ ਜਦਕਿ ਕਵਰਡ ਏਰੀਏ ਮੁਤਾਬਕ ਟੈਕਸ ਜ਼ਿਆਦਾ ਬਣਦਾ ਸੀ। 2013 ਤੋਂ ਬਾਅਦ ਫੈਕਟਰੀ ਮਾਲਕ ਨੇ ਪ੍ਰਾਪਰਟੀ ਟੈਕਸ ਨਹੀਂ ਭਰਿਆ ਤੇ ਨਾ ਹੀ ਨਿਗਮ ਨੇ ਕੋਈ ਨੋਟਿਸ ਦਿੱਤਾ।
ਨਗਰ ਨਿਗਮ ਬੀ ਜ਼ੋਨ ਦੀ ਬਿਲਡਿੰਗ ਬਰਾਂਚ ਦੇ ਇੰਸਪੈਕਟਰ ਪ੍ਰਦੀਪ ਸਹਿਗਲ ਨੇ 2015 ਵਿੱਚ ਇਸ ਇਮਾਰਤ ਦਾ ਸਾਢੇ 10 ਲੱਖ ਰੁਪਏ ਦਾ ਚਲਾਨ ਕੀਤਾ ਸੀ। ਦੋ ਸਾਲ ਬੀਤਣ ਦੇ ਬਾਵਜੂਦ ਹੁਣ ਤੱਕ ਨਗਰ ਨਿਗਮ ਆਪਣਾ ਬਕਾਇਆ ਨਹੀਂ ਵਸੂਲ ਸਕਿਆ। ਦੱਸਣਯੋਗ ਹੈ ਕਿ ਬੀਤੇ ਦਿਨ ਇਹ ਵੀ ਖੁਲਾਸਾ ਹੋਇਆ ਸੀ ਕਿ ਇਸ ਇਮਾਰਤ ਲਈ ਫਾਇਰ ਬ੍ਰਿਗੇਡ ਵਿਭਾਗ ਕੋਲੋਂ ਐਨਓਸੀ ਨਹੀਂ ਲਈ ਗਈ ਸੀ।