ਲੁਧਿਆਣਾ,12 ਸਤੰਬਰ – ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਦੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਫੂਡ ਪ੍ਰੋਸੈਸਿੰਗ ਇੰਡਸਟਰੀ ਰਾਹੀਂ ਖੇਤੀ ਤੋਂ ਮੂੰਹ ਮੋੜ ਰਹੀ ਅਜੋਕੀ ਨੌਜਵਾਨ ਪੀੜ੍ਹੀ ਨੂੰ ਚੰਗਾ ਰੋਜ਼ਗਾਰ ਮਿਲ ਸਕਦਾ ਹੈ ਅਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ। ਉਨ੍ਹਾਂ ਕਿਹਾ ਕਿ ਅੰਨ ਦੀ ਬਰਬਾਦੀ ਰੋਕਣ ਦੀ ਸਖ਼ਤ ਲੋੜ ਹੈ, ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 6000 ਕਰੋੜ ਦੀ ਕਿਸਾਨ ਸੰਪਦਾ ਯੋਜਨਾ ਉਲੀਕੀ ਹੈ। ਇਸ ਤੋਂ ਇਲਾਵਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਔਰਤਾਂ ਨੂੰ ਚੁੱਲ੍ਹੇ ਚੌਂਕੇ ਦੇ ਨਾਲ ਹੁਣ ਫੂਡ ਪ੍ਰੋਸੈਸਿੰਗ ਲਈ ਵਧੇਰੇ ਸਰਗਰਮ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭੋਜਨ ਬਣਾਉਣ ਦੀ ਮੁਹਾਰਤ ਕਾਰਨ ਉਹ ਇਸ ਕੰਮ ਵਿਚ ਵੱਧ ਕਾਮਯਾਬ ਹੋ ਸਕਦੀਆਂ ਹਨ।