ਕੋਲਕਾਤਾ, 16 ਅਕਤੂਬਰ
ਆਦਿਲ ਖ਼ਾਨ ਦੇ ਆਖ਼ਰੀ ਪਲਾਂ ਵਿੱਚ ਕੀਤੇ ਗਏ ਗੋਲ ਦੀ ਮਦਦ ਨਾਲ ਮੇਜ਼ਬਾਨ ਭਾਰਤ ਨੇ ਫੀਫ਼ਾ ਵਿਸ਼ਵ ਕੱਪ ਕੁਆਲੀਫਾਇਰ ਮੈਚ ਵਿੱਚ ਅੱਜ ਇੱਥੇ ਬੰਗਲਾਦੇਸ਼ ਨੂੰ 1-1 ਨਾਲ ਡਰਾਅ ’ਤੇ ਰੋਕਿਆ, ਪਰ ਇਸ ਨਤੀਜੇ ਨਾਲ ਉਸ ਦੇ ਕੁਆਲੀਫਾਈ ਕਰਨ ਦੀਆਂ ਉਮੀਦਾਂ ਨੂੰ ਤਕੜਾ ਝਟਕਾ ਲੱਗਿਆ ਹੈ। ਕਤਰ ਖ਼ਿਲਾਫ਼ ਪਿਛਲੇ ਮੈਚ ਵਿੱਚ ਗੋਲਰਹਿਤ ਡਰਾਅ ਖੇਡਣ ਵਾਲੇ ਭਾਰਤ ਨੂੰ ਇਸ ਮੈਚ ਵਿੱਚ ਜਿੱਤ ਦਰਜ ਕਰਨੀ ਹਰ ਹਾਲ ਲੋੜੀਂਦੀ ਸੀ, ਪਰ ਉਸ ਨੇ ਗੋਲ ਕਰਨ ਦੇ ਕਈ ਮੌਕੇ ਗੁਆਏ ਅਤੇ ਇਸ ਦੌਰਾਨ ਬੰਗਲਾਦੇਸ਼ ਨੂੰ ਗੋਲ ਕਰਨ ਦਾ ਸੁਨਹਿਰਾ ਮੌਕਾ ਵੀ ਦਿੱਤਾ। ਇਸ ਮੈਚ ਵਿੱਚ ਵੀ ਅੰਕ ਵੰਡਣ ਨਾਲ ਭਾਰਤ ਦੀ ਗਰੁੱਪ ‘ਈ’ ਵਿੱਚ ਅੱਗੇ ਵਧਣ ਦਾ ਰਾਹ ਮੁਸ਼ਕਲ ਹੋ ਗਿਆ ਹੈ।
ਭਾਰਤ ਤਿੰਨ ਮੈਚਾਂ ਵਿੱਚ ਦੋ ਅੰਕ ਲੈ ਕੇ ਗਰੁੱਪ ਵਿੱਚ ਚੌਥੇ ਸਥਾਨ ’ਤੇ ਹੈ। ਬੰਗਲਾਦੇਸ਼ ਨੂੰ ਸਾਦ ਉਦੀਨ ਨੇ 42ਵੇਂ ਮਿੰਟ ਵਿੱਚ ਲੀਡ ਦਿਵਾਈ ਸੀ, ਪਰ ਆਦਿਲ ਖ਼ਾਨ ਨੇ 89ਵੇਂ ਮਿੰਟ ਵਿੱਚ ਬਰਾਬਰੀ ਦਾ ਗੋਲ ਕਰਕੇ ਭਾਰਤੀ ਟੀਮ ਨੂੰ ਨਮੋਸ਼ੀ ਝੱਲਣ ਤੋਂ ਬਚਾਅ ਲਿਆ। ਇਸ ਤਰ੍ਹਾਂ ਭਾਰਤੀ ਟੀਮ ਦਾ ਬੀਤੇ 20 ਸਾਲਾਂ ਵਿੱਚ ਬੰਗਲਾਦੇ਼ਸ ’ਤੇ ਜਿੱਤ ਦਰਜ ਕਰਨ ਦੀ ਉਡੀਕ ਬਰਕਰਾਰ ਰਹੀ। ਉਸ ਨੇ ਆਪਣੇ ਇਸ ਗੁਆਂਢੀ ਦੇਸ਼ ਨੂੰ ਆਖ਼ਰੀ ਵਾਰ 1999 ਵਿੱਚ ਸੈਫ਼ ਖੇਡਾਂ ਵਿੱਚ ਹਰਾਇਆ ਸੀ। ਇਨ੍ਹਾਂ ਦੋਵਾਂ ਟੀਮਾਂਂ ਵਿਚਾਲੇ ਪਿਛਲੇ ਤਿੰਨ ਮੈਚ ਵੀ ਬਰਾਬਰ ਰਹੇ ਸਨ, ਜਦਕਿ ਸਾਲ 2009 ਸੈਫ ਖੇਡਾਂ ਵਿੱਚ ਬੰਗਲਾਦੇਸ਼ ਜਿੱਤ ਦਰਜ ਕਰਨ ਵਿੱਚ ਸਫਲ ਰਿਹਾ ਸੀ। ਭਾਰਤੀ ਟੀਮ ਦੇ ਪ੍ਰਦਰਸ਼ਨ ਤੋਂ ਕੋਚ ਇਗੋਰ ਸਟਿਮੈਕ ਵੀ ਨਿਰਾਸ਼ ਹੋਵੇਗਾ ਕਿਉਂਕਿ ਪਹਿਲੇ ਅੱਧ ਵਿੱਚ ਉਹ ਰਣਨੀਤੀ ਅਨੁਸਾਰ ਹਮਲਾਵਰ ਨਹੀਂ ਖੇਡ ਸਕੇ, ਜਦਕਿ ਇਸ ਦੌਰਾਨ ਆਪਸੀ ਤਾਲਮੇਲ ਨਾ ਹੋਣ ਕਾਰਨ ਗੋਲ ਗੁਆਉਣਾ ਪਿਆ। ਰਾਹੁਲ ਭੇਕੇ ਵੱਲੋਂ ਮਾਰੀ ਫਰੀ ਕਿੱਕ ਨੂੰ ਬੰਗਲਾਦੇਸ਼ ਦੇ ਕਪਤਾਨ ਜ਼ਮਾਲ ਭੂਈਆਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਉਸ ਨੇ ਫੁਟਬਾਲ ਨੂੰ ਭਾਰਤੀ ਗੋਲ ਵੱਲ ਪਹੁੰਚਾਇਆ, ਪਰ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਉਸ ਨੂੰ ਬਾਹਰ ਨਹੀਂ ਕਰ ਸਕਿਆ ਅਤੇ ਸਾਦ ਨੇ ਹੈਡਰ ਨਾਲ ਗੇਂਦ ਗੋਲ ਪੋਸਟ ਵਿੱਚ ਪਹੁੰਚਾ ਦਿੱਤੀ। ਭਾਰਤ ਨੇ ਗੋਲ ਕਰਨ ਦਾ ਪੂਰਾ ਟਿੱਲ ਲਾਇਆ, ਪਰ ਗੋਲ ਨਹੀਂ ਕਰ ਸਕਿਆ।