ਵਿਨੀਪੈਗ, 14 ਜੁਲਾਈ
ਯੂਨਾਈਟਿਡ ਪੰਜਾਬ ਸਪੋਰਟਸ ਕਲੱਬ ਵੱਲੋਂ ਇੱਥੇ ਟੰਡਲ ਪਾਰਕ ਵਿੱਚ ਨੌਵਾਂ ਖੇਡ ਮੇਲਾ ਕਰਵਾਇਆ ਗਿਆ। ਦੋ ਦਿਨ ਚੱਲੇ ਇਸ ਖੇਡ ਮੇਲੇ ਦਾ ਉਦਘਾਟਨ ਐੱਮਪੀ ਕੈਵਿਨ ਐੱਲ ਨੇ ਕੀਤਾ। ਇਸ ਵਿੱਚ ਮੈਪਲ ਸਪੋਰਟਸ ਕਲੱਬ, ਯੂਨਾਈਟਿਡ ਪੰਜਾਬ ਸਪੋਰਟਸ ਕਲੱਬ, ਅਟੈਕ ਬਾਸਕਟਬਾਲ, ਸੁੱਖ ਬੁਆਏ ਵਿਨੀਪੈਗ ਸਪੋਰਟਸ ਕਲੱਬ , ਐੱਫਟੀਵੀ ਕਲੱਬ, ਆਲ ਸਟਾਰ ਕਲੱਬ, ਪੀਐੱਫਐੱਸ ਕਲੱਬ, ਬੁਆਏ ਕਲੱਬ ਐਡਮਿੰਟਨ ਅਤੇ ਮੋਗਾ ਐੱਫਸੀ ਕਲੱਬ ਟੋਰਾਂਟੋ ਤੋਂ ਇਲਾਵਾ ਕਈ ਹੋਰ ਖੇਡ ਕਲੱਬਾਂ ਵੱਲੋਂ ਤਕਰੀਬਨ 90 ਤੋਂ ਵੱਧ ਟੀਮਾਂ ਨੇ ਹਿੱਸਾ ਲਿਆ। ਓਪਨ ਵਰਗ ’ਚ ਯੂਨਾਈਟਿਡ ਪੰਜਾਬ ਦੀ ਫੁਟਬਾਲ ਟੀਮ ਨੇ ਚਾਰ ਹਜ਼ਾਰ ਡਾਲਰ ਤੋਂ ਵੱਧ ਦੀ ਇਨਾਮ ਰਾਸ਼ੀ ਜਿੱਤੀ। ਬਾਸਕਟਬਾਲ ਦੇ ਫਸਵੇਂ ਮੁਕਾਬਲੇ ਵਿੱਚ ਵੀ ਯੂਨਾਈਟਿਡ ਪੰਜਾਬ ਸਪੋਰਟਸ ਕਲੱਬ ਦੀ ਟੀਮ ਨੇ ਟਰਾਫ਼ੀ ਜਿੱਤੀ। ਰੱਸਾਕਸ਼ੀ ਵਿੱਚ ਹਰਪ੍ਰੀਤ ਗਿੱਲ ਦੀ ਵਿਨੀਪੈਗ ਵਾਰੀਅਰਜ਼ ਟੀਮ ਜੇਤੂ ਰਹੀ। ਫੈਡਰੇਸ਼ਨ ਦੇ ਮੈਂਬਰਾਂ ਨਵਦੀਪ ਸਹੋਤਾ, ਕਮਲ, ਗੁਰਵਿੰਦਰ ਚਾਹਲ, ਸੁਖਚੈਨ ਭੰਗੂ, ਜਗਰਾਜ ਸਿੰਘ ਨੇ ਦੱਸਿਆ ਕਿ ਇਸ ਖੇਡ ਮੇਲੇ ਦਾ ਮੁੱਖ ਮਕਸਦ ਵਿਨੀਪੈਗ ਵਿਚ ਜਨਮੇ ਭਾਰਤੀ ਮੂਲ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੇ ਵਿਰਸੇ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਸੀ।