ਬੁਰੀਰਾਮ(ਥਾਈਲੈਂਡ), 6 ਜੂਨ
ਭਾਰਤੀ ਕਪਤਾਨ ਸੁਨੀਲ ਛੇਤਰੀ ਨੇ ਆਪਣੇ ਰਿਕਾਰਡ ਮੈਚ ਵਿੱਚ ਭਾਵੇਂ ਗੋਲ ਕੀਤਾ ਹੋਵੇ ਪਰਭਾਰਤ ਨੂੰ ਬੁੱਧਵਾਰ ਨੂੰ ਇੱਥੇ ਕਿੰਗਜ਼ ਕੱਪ ਫੁਟਬਾਲ ਟੂਰਨਾਮੈਂਟ ਵਿੱਚ ਸ਼ੁਰੂਆਤੀ ਮੈਚ ਵਿੱਚ ਉੱਚ ਦਰਜਾ ਪ੍ਰਾਪਤ ਕੁਰਾਕਾਂਚ ਹੱਥੋਂ 3-1 ਨਾਲ ਸ਼ਿਕਸਤ ਝੱਲਣੀ ਪਈ। ਇਹ ਕੋਚ ਇਗੋਰ ਸਟਿਮਕ ਦੀ ਅਗਵਾਈ ਵਿੱਚ ਭਾਰਤ ਦਾ ਪਹਿਲਾ ਟੂਰਨਾਮੈਂਟ ਹੈ। ਛੇਤਰੀ ਭਾਰਤ ਵੱਲੋਂ ਸਭ ਤੋਂ ਵਧ ਮੈਚ ਖੇਡਣ ਵਾਲੇ ਖਿਡਾਰੀ ਬਣ ਗਏ ਹਨ, ਉਨ੍ਹਾਂ ਨੇ ਸਾਬਕਾ ਕਪਤਾਨ ਬਾਈਚੁੰਗ ਭੂਟੀਆ ਦੇ 107 ਕੌਮਾਂਤਰੀ ਮੈਚਾਂ ਦੇ ਰਿਕਾਰਡ ਨੂੰ ਮਾਤ ਦੇ ਦਿੱਤੀ। ਉਨ੍ਹਾਂ 31 ਵੇਂ ਮਿੰਟ ਵਿੱਚ ਸਪਾਟ ਕਿੱਕ ਪਾਸ ਨਾਲ ਟੀਮ ਲਈ ਇਕੋ ਇਕ ਗੋਲ ਕੀਤਾ ਜੋ ਉਨ੍ਹਾਂ ਦਾ 69ਵਾਂ ਗੋਲ ਸੀ। ਹਾਲਾਂਕਿ ਇਸ ਗੋਲ ਨਾਲ ਮੈਚ ਦੇ ਨਤੀਜੇ ਵਿੱਚ ਕੋਈ ਅੰਤਰ ਨਹੀਂ ਆਇਆ। ਵਿਸ਼ਵ ਰੈਂਕਿੰਗ ਵਿੱਚ 82ਵੇਂ ਸਥਾਨ ’ਤੇ ਕਾਬਜ਼ ਕੈਰੇਬਿਆਈ ਟਾਪੂ ਦੇ ਦੇਸ਼ ਦੇ ਦੋ ਖਿਡਾਰੀ ਇੰਗਲਿਸ ਪ੍ਰੀਮੀਅਰ ਲੀਗ ਵਿੱਚ ਖੇਡਦੇ ਹਨ ਅਤੇ ਕੁਝ ਯੂਰਪੀ ਲੀਗ ਵਿੱਚ। ਕੁਰਾਕਾਓ ਨੇ 18 ਮਿੰਟਾਂ ਦੇ ਅੰਦਰ ਤਿੰਨ ਗੋਲ ਕੀਤੇ। ਰੋਲੀ ਬੋਨੇਵਾਕਿਆ ਨੇ 16ਵੇਂ, ਐਲਸਨ ਹੁਈ ਨੇ 18ਵੇਂ ਅਤੇ ਲਿਯਾਂਡਰੋ ਬਾਕੁਨਾ ਨੇ 33ਵੇਂ ਮਿੰਟ ਵਿੱਚ ਗੋਲ ਕੀਤਾ। ਭਾਰਤੀ ਟੀਮ ਰੈਂਕਿੰਗ ਵਿੱਚ 101 ਵੇਂ ਸਥਾਨ ’ਤੇ ਹੈ। ਭਾਰਤੀ ਟੀਮ ਦੇ ਪਹਿਲੇ ਅੱਧ ਵਿੱਚ ਪ੍ਰਦਰਸ਼ਨ ਪ੍ਰਭਾਵਸ਼ਾਲੀ ਨਹੀਂ ਰਿਹਾ। ਉਸ ਦਾ ਡਿਫੈਂਸ ਅਤੇ ਹਮਲਾ ਦੋਵੇਂ ਖਰਾਬ ਰਹੇ। ਟੀਮ ਪਹਿਲੇ ਹਾਫ਼ ਵਿੱਚ ਹੀ 1-3 ਨਾਲ ਪਛੜ ਗਈ। ਨਵੀਂ ਰੱਖਿਆਤਮਕ ਇਕਾਈ ਵਿੱਚ ਆਪਸੀ ਤਾਲਮੇਲ ਦੀ ਘਾਟ ਦਿਸੀ ਜਿਸ ਵਿੱਚ ਰਾਹੁਲ ਭੇਕੇ ਸੈਂਟਰਲ ਮਿਡਫੀਲਡਰ ਖੇਡੇ। ਭਾਰਤ ਨੇ ਦੂਜੇ ਅੱਧ ਵਿੱਚ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕੀਤਾ ਜੋ ਮੀਂਹ ਵਿੱਚ ਖੇਡਿਆ ਗਿਆ ਪਰ ਟੀਮ ਇਸ ਦੌਰਾਨ ਕੋਈ ਗੋਲ ਨਹੀਂ ਕਰ ਸਕੀ। ਦੂਜੇ ਹਾਫ ਵਿੱਚ ਸਟਿਮਕ ਦੀ ਟੀਮ ਨੇ ਚਾਰ ਮੂਵ ਬਣਾਏ ਜਿਸ ਵਿੱਚ ਦੋ 34 ਸਾਲਾ ਛੇਤਰੀ ਦੀਆਂ ਕੋਸ਼ਿਸ਼ਾਂ ਸਦਕਾ ਬਣੇ। ਛੇਤਰੀ ਨੇ ਮੈਚ ਤੋਂ ਬਾਅਦ ਕਿਹਾ, ‘‘ਪਹਿਲੇ ਅੱਧ ਵਿੱਚ ਹੀ ਤਕਨੀਕੀ ਰੂਪ ਨਾਲ ਬਿਹਤਰ ਟੀਮ ਖ਼ਿਲਾਫ਼ ਤਿੰਨ ਗੋਲ ਹੋਣ ਬਾਅਦ ਵਾਪਸੀ ਕਰਨਾ ਹਮੇਸ਼ਾ ਮੁਸ਼ਕਲ ਹੁੰਦਾ ਹੈ। ਸਾਡੀ ਟੀਮ ਨਵੀਂ ਹੈ ਜਿਸ ਵਿੱਚ ਕਈ ਨਵੇਂ ਖਡਾਰੀ ਸ਼ਾਮਲ ਹਨ। ’’ ਉਨ੍ਹਾਂ ਕਿਹਾ, ‘‘ਅਸੀਂ ਗਲਤੀਆਂ ਕੀਤੀਆਂ, ਖਾਸਕਰ ਪਹਿਲੇ ਅੱਧ ਵਿੱਚ। ਅਸੀਂ ਡਰਾਇੰਗ ਬੋਰਡ ਵਿੱਚ ਜਾ ਕੇ ਦੇਖਾਂਗੇ ਕਿ ਅਸੀਂ ਕੀ ਗਲਤ ਕੀਤਾ। ਅਸੀਂ ਤੀਜੇ ਸਥਾਨ ਦੇ ਮੈਚ ਲਈ ਤਿਆਰ ਹੋਣ ਅਤੇ ਬਿਹਤਰ ਕਰਨ ਦੀ ਉਮੀਦ ਕਰਦੇ ਹਾਂ। ’’ ਭਾਰਤੀ ਟੀਮ ਸ਼ੁੱਕਰਵਾਰ ਨੂੰ ਤੀਜੇ ਸਥਾਨ ਦੇ ਪਲੇਅ ਆਫ ਮੈਚ ਵਿੱਚ ਥਾਈਲੈਂਡ ਅਤੇ ਵੀਅਤਨਾਮ ਵਿਚਾਲੇ ਹੋਣ ਵਾਲੇ ਮੁਕਾਬਲੇ ਵਿੱਚ ਹਾਰਨ ਵਾਲੀ ਟੀਮ ਨਾਲ ਭਿੜੇਗੀ।