ਮੁੰਬਈ:ਫਿਲਮ ਅਦਾਕਾਰਾ ਰਿਚਾ ਚੱਢਾ ਨੇ ਦੱਸਿਆ ਕਿ ਕਾਮੇਡੀ ਫ਼ਿਲਮ ‘ਫੁਕਰੇ’ ਦੇ ਤੀਜੇ ਭਾਗ ਦੀ ਸ਼ੂਟਿੰਗ ਅਗਲੇ ਮਹੀਨੇ ਸ਼ੁਰੂ ਕਰ ਦਿੱਤੀ ਜਾਵੇਗੀ ਜੋ ਕਿ ਕਰੋਨਾ ਮਹਾਮਾਰੀ ਕਾਰਨ ਪਿਛਲੇ ਸਾਲ ਰੋਕ ਦਿੱਤੀ ਗਈ ਸੀ। ਫ਼ਿਲਮ ਦੀ ਸ਼ੂਟਿੰਗ ਫਰਵਰੀ ਮਹੀਨੇ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਕੀਤੀ ਜਾਵੇਗੀ। ਰਿਚਾ ਚੱਢਾ ਨੇ ਕਿਹਾ ਕਿ ਉਸ ਨੇ ਸ਼ੂਟਿੰਗ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਮ੍ਰਿਗਦੀਪ ਸਿੰਘ ਲਾਂਬਾ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਅਤੇ ਦਿੱਲੀ ਆਧਾਰਿਤ ਇਸ ਕਾਮੇਡੀ ਫਿਲਮ ਦੀ ਸ਼ੂਟਿੰਗ ਪਿਛਲੇ ਸਾਲ ਅਪਰੈਲ ਮਹੀਨੇ ਵਿੱਚ ਰੋਕ ਦਿੱਤੀ ਗਈ ਸੀ, ਕਿਉਂਕਿ ਇਸ ਫ਼ਿਲਮ ਵਿੱਚ ਵੱਡੀ ਗਿਣਤੀ ਲੋਕਾਂ ਦੀ ਭੀੜ ਦੇ ਦ੍ਰਿਸ਼ ਵੀ ਫਿਲਮਾਏ ਜਾਣੇ ਸਨ। ਰਿਚਾ ਨੇ ਦੱਸਿਆ, ‘‘ਅਸੀਂ ‘ਫੁਕਰੇ-3’ ਫ਼ਿਲਮ ਦੀ ਸ਼ੂਟਿੰਗ ਅਗਲੇ ਮਹੀਨੇ ਸ਼ੁਰੂ ਕਰਾਂਗੇ, ਮੇਰੇ ਫ਼ਿਲਮ ’ਚ ਪਾਉਣ ਵਾਲੇ ਪਹਿਰਾਵੇ ਵੀ ਚੁਣ ਲਏ ਗਏ ਹਨ, ਮੈਂ ਘੋੜ ਸਵਾਰੀ ਵੀ ਸਿੱਖ ਰਹੀ ਹਾਂ ਤੇ ਮੈਂ ਇਸ ਫ਼ਿਲਮ ਲਈ ਬਹੁਤ ਉਤਸਾਹਿਤ ਤੇ ਉਤਸੁਕ ਹਾਂ।’’ ਇਸ ਫ਼ਿਲਮ ਵਿੱਚ ਅਦਾਕਾਰਾ ਨੂੰ ਸਥਾਨਕ ਗੈਂਗਸਟਰ ਭੋਲੀ ਪੰਜਾਬਣ ਦੇ ਰੂਪ ਵਿੱਚ ਦਿਖਾਇਆ ਗਿਆ ਹੈ ਅਤੇ ਇਹ ਫ਼ਿਲਮ ਚਾਰ ਦੋਸਤਾਂ ਦੀ ਕਹਾਣੀ ਦੀ ਹੈ, ਜੋ ਕਿਰਦਾਰ ਉਸ ਦੇ ਅਸਲ-ਜੀਵਨ ਸਾਥੀ ਅਲੀ ਫਜ਼ਲ ਤੋਂ ਇਲਾਵਾ ਪੁਲਕਿਤ ਸਮਰਾਟ, ਵਰੁਣ ਸ਼ਰਮਾ ਅਤੇ ਮਨਜੋਤ ਸਿੰਘ ਨੇ ਨਿਭਾਏ ਹਨ।