ਨਵੀਂ ਦਿੱਲੀ, 21 ਜੁਲਾਈ
ਭਾਰਤੀ ਪੁਰਸ਼ ਫੁਟਬਾਲ ਟੀਮ ਨੇ ਅੱਜ 2018 ਮਗਰੋਂ ਪਹਿਲੀ ਵਾਰ ਫੀਫਾ ਰੈਂਕਿੰਗ ਵਿੱਚ ਸਿਖਰਲੇ 99 ਵਿੱਚ ਕਦਮ ਰੱਖਿਆ ਹੈ। ਟੀਮ ਸੈਫ ਚੈਂਪੀਅਨਸ਼ਿਪ ਖਿਤਾਬ ਦੀ ਬਦੌਲਤ ਇੱਕ ਕਦਮ ਦੇ ਫਾਇਦੇ ਨਾਲ 99ਵੇਂ ਸਥਾਨ ’ਤੇ ਪਹੁੰਚ ਗਈ। ਭਾਰਤ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਬੰਗਲੂਰੂ ਵਿੱਚ ਹੋਈ ਸੈਫ ਚੈਂਪੀਅਨਸ਼ਿਪ ਵਿੱਚ ਲਬਿਨਾਨ ਅਤੇ ਕੁਵੈਤ ’ਤੇ ਕ੍ਰਮਵਾਰ ਸੈਮੀਫਾਈਨਲ ਅਤੇ ਫਾਈਨਲ ਵਿੱਚ ਪੈਨਲਟੀ ਸ਼ੂਟਆਊਟ ਨਾਲ ਜਿੱਤ ਦਰਜ ਕੀਤੀ ਸੀ। ਲਬਿਨਾਨ ਵੀ ਦੋ ਕਦਮ ਅੱਗੇ ਵਧਦਿਆਂ ਭਾਰਤ ਤੋਂ ਬਾਅਦ 100ਵੇਂ ਸਥਾਨ ’ਤੇ ਪਹੁੰਚ ਗਿਆ ਹੈ, ਜਦਕਿ ਕੁਵੈਤ ਚਾਰ ਸਥਾਨ ਅੱਗੇ ਵਧਦਿਆਂ ਅੱਜ ਇੱਥੇ ਜਾਰੀ ਕੀਤੀ ਗਈ ਤਾਜ਼ਾ ਫੀਫਾ ਰੈਂਕਿੰਗ ਵਿੱਚ 137ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਪੱਛਮੀ ਏਸ਼ਿਆਈ ਦੇਸ਼ ਲਬਿਨਾਨ ਅਤੇ ਕੁਵੈਤ ਨੂੰ ਸੈਫ ਚੈਂਪੀਅਨਸ਼ਿਪ ਲਈ ਸੱਦਿਆ ਗਿਆ ਸੀ ਤਾਂ ਕਿ ਟੂਰਨਾਮੈਂਟ ਵਿੱਚ ਮੁਕਾਬਲੇ ਦਾ ਪੱਧਰ ਮਜ਼ਬੂਤ ਰਹੇ। ਭਾਰਤ ਦੇ ਹੁਣ 1208.69 ਅੰਕ ਹੋ ਗਏ ਹਨ। ਭਾਰਤ ਦੀ ਸਰਵੋਤਮ ਫੀਫਾ ਰੈਂਕਿੰਗ 94 ਰਹੀ ਹੈ, ਜੋ ਟੀਮ ਨੇ 1996 ਵਿੱਚ ਹਾਸਲ ਕੀਤੀ ਸੀ। ਟੀਮ 1993 ਵਿੱਚ ਵੀ 99ਵੇਂ ਸਥਾਨ ’ਤੇ ਪਹੁੰਚੀ ਸੀ ਜਦਕਿ 2017 ਅਤੇ 2018 ਵਿੱਚ 96ਵਾਂ ਸਥਾਨ ਹਾਸਲ ਕਰਨ ਵਿੱਚ ਸਫ਼ਲ ਰਹੀ ਸੀ। ਪਿਛਲੇ ਮਹੀਨੇ ਟੀਮ 100ਵੇਂ ਸਥਾਨ ’ਤੇ ਸੀ। ਵਿਸ਼ਵ ਚੈਂਪੀਅਨ ਅਰਜਨਟੀਨਾ ਦੀ ਸਿਖਰ ’ਤੇ ਸਰਦਾਰੀ ਕਾਇਮ ਹੈ, ਜਿਸ ਮਗਰੋਂ ਫਰਾਂਸ, ਬਰਾਜ਼ੀਲ, ਇੰਗਲੈਂਡ ਅਤੇ ਬੈਲਜ਼ੀਅਮ ਦੀ ਮੌਜੂਦ ਹੈ। ਏਸ਼ੀਆ ਵਿੱਚ ਜਾਪਾਨ 20ਵੇਂ ਸਥਾਨ ਨਾਲ ਸਿਖਰ ’ਤੇ ਹੈ, ਜਦਕਿ ਇਰਾਨ (22), ਆਸਟਰੇਲੀਆ (27), ਕੋਰੀਆ (28) ਅਤੇ ਸਾਊਦੀ ਅਰਬ (54) ਸਿਖਰਲੀਆਂ ਪੰਜ ਟੀਮਾਂ ਵਿੱਚ ਸ਼ਾਮਲ ਹਨ।