ਨੀਸ (ਫਰਾਂਸ), 11 ਜੂਨ
ਇੰਗਲੈਂਡ, ਬ੍ਰਾਜ਼ੀਲ ਅਤੇ ਇਟਲੀ ਨੇ ਫੀਫਾ ਮਹਿਲਾ ਵਿਸ਼ਵ ਕੱਪ ਫੁਟਬਾਲ ਟੂਰਨਾਮੈਂਟ ਵਿੱਚ ਆਪੋ-ਆਪਣੇ ਮੈਚ ਜਿੱਤੇ। ਇੰਗਲੈਂਡ ਨੇ ਗਰੁੱਪ ‘ਡੀ’ ਵਿੱਚ ਸਕਾਟਲੈਂਡ ਨੂੰ 2-1 ਨਾਲ ਹਰਾਇਆ। ਨਿਕਿਤਾ ਪੈਰਿਸ ਦੇ 14ਵੇਂ ਮਿੰਟ ਵਿੱਚ ਪੈਨਲਟੀ ’ਤੇ ਕੀਤੇ ਗਏ ਗੋਲ ਦੀ ਬਦੌਲਤ ਇੰਗਲੈਂਡ ਨੇ ਸ਼ੁਰੂ ਵਿੱਚ ਲੀਡ ਹਾਸਲ ਕੀਤੀ। ਐਲਨ ਵ੍ਹਾਈਟ ਨੇ 40ਵੇਂ ਮਿੰਟ ਵਿੱਚ ਟੀਮ ਦੀ ਲੀਡ ਦੁੱਗਣੀ ਕਰ ਦਿੱਤੀ। ਸਕਾਟਲੈਂਡ ਵੱਲੋਂ ਇਕਲੌਤਾ ਗੋਲ ਕਲੇਰੀ ਐਮਿਸਲੀ ਨੇ 79ਵੇਂ ਮਿੰਟ ਵਿੱਚ ਕੀਤਾ।
ਇਸੇ ਤਰ੍ਹਾਂ ਸਟੇਡੇ ਡੀ ਐਲਪਸ ਵਿੱਚ ਖੇਡੇ ਗਏ ਗਰੁੱਪ ‘ਸੀ’ ਦੇ ਮੈਚ ਵਿੱਚ ਬ੍ਰਾਜ਼ੀਲ ਨੇ ਕ੍ਰਿਸਟੀਨੀ ਰੋਜੇਰੀਆ ਦੀ ਹੈਟ੍ਰਿਕ ਦੀ ਮਦਦ ਨਾਲ ਜਮੈਕਾ ਨੂੰ 3-0 ਗੋਲਾਂ ਨਾਲ ਸ਼ਿਕਸਤ ਦੇ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਰੋਜੇਰੀਆ ਨੇ 15ਵੇਂ, 50ਵੇਂ ਅਤੇ 64ਵੇਂ ਮਿੰਟ ਵਿੱਚ ਗੋਲ ਕੀਤੇ।
ਗਰੁੱਪ ‘ਸੀ’ ਦੇ ਹੀ ਇੱਕ ਹੋਰ ਮੈਚ ਵਿੱਚ ਇਟਲੀ ਨੇ ਬਾਰਬਰਾ ਬੋਨੈਂਸੀਆ ਦੇ ਆਖ਼ਰੀ ਪਲਾਂ ਵਿੱਚ ਦਾਗ਼ੇ ਗਏ ਗੋਲ ਦੀ ਮਦਦ ਨਾਲ ਆਸਟਰੇਲੀਆ ਨੂੰ 2-1 ਨਾਲ ਹਰਾਇਆ। ਸਾਮੰਤਾ ਕੇਰ ਨੇ ਆਸਟਰੇਲੀਆ ਨੂੰ 22ਵੇਂ ਮਿੰਟ ਵਿੱਚ ਹੀ ਲੀਡ ਦਿਵਾ ਦਿੱਤੀ ਸੀ, ਪਰ ਬਾਰਬਰਾ 56ਵੇਂ ਮਿੰਟ ਵਿੱਚ ਬਰਾਬਰੀ ਦਾ ਗੋਲ ਕਰਨ ਵਿੱਚ ਸਫਲ ਰਹੀ। ਇਸ ਮਗਰੋਂ ਉਸ ਨੇ ਦੂਜੇ ਅੱਧ ਦੇ ਆਖ਼ਰੀ ਪਲਾਂ ਦੇ ਪੰਜਵੇਂ ਮਿੰਟ ਵਿੱਚ ਜੇਤੂ ਗੋਲ ਦਾਗ਼ਿਆ।