ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੂੰ ਫਿਲਮ ‘ਸਰਦਾਰਜੀ 3’ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨਾਲ ਕੰਮ ਕਰਨ ਲਈ ‘ਗੱਦਾਰ’ ਕਹੇ ਜਾਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਤਰਾਜ਼ ਜਤਾਇਆ। ਉਨ੍ਹਾਂ ਗਾਇਕ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਦਿਲਜੀਤ ‘ਤੇ ਗੱਦਾਰ ਦੋਸ਼ ਲਾਉਣਾ ਗਲਤ ਹੈ। ਉਨ੍ਹਾਂ ਦਿਲਜੀਤ ਖਿਲਾਫ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਅਤੇ ਆਲੋਚਨਾਵਾਂ ਨੂੰ ਵੀ ਗਲਤ ਦੱਸਿਆ।

ਸੀ.ਐੱਮ. ਮਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪਹਿਲਗਾਮ ਘਟਨਾ ਬਹੁਤ ਦੁਖਦਾਈ ਸੀ। ਇਹ ਫਿਲਮ ਉਸ ਘਟਨਾ ਤੋਂ ਪਹਿਲਾਂ ਸ਼ੂਟ ਕੀਤੀ ਗਈ ਸੀ। ਇਸ ਵਿੱਚ ਇੱਕ ਪਾਕਿਸਤਾਨੀ ਅਦਾਕਾਰਾ ਨੇ ਕੰਮ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਕਲਰ ਇੱਕੋ ਜਿਹਾ ਹੈ ਅਤੇ ਉਹ ਪੰਜਾਬੀ ਬੋਲਦੇ ਹਨ ਤੇ ਅਸੀਂ ਵੀ। ਪਰ ਹੁਣ ਦਿਲਜੀਤ ਦੋਸਾਂਝ ਦੀ ਆਲੋਚਨਾ ਹੋ ਰਹੀ ਹੈ, ਉਸਨੂੰ ਗੱਦਾਰ ਕਿਹਾ ਜਾ ਰਿਹਾ ਹੈ। ਫਿਲਮ ਰਿਲੀਜ਼ ਨਹੀਂ ਹੋਣ ਦੇਣੀ ਪਰ ਜਦੋਂ ਪਾਕਿਸਤਾਨੀ ਟੀਮ ਇੱਥੇ ਖੇਡਣ ਆਊ- ਉਦੋਂ ਸਭ ਠੀਕ ਏ।
ਦਰਅਸਲ, ਉੜੀ ਹਮਲੇ ਤੋਂ ਬਾਅਦ ਭਾਰਤ ਵਿੱਚ ਪਾਕਿਸਤਾਨੀ ਕਲਾਕਾਰਾਂ ‘ਤੇ ਪਾਬੰਦੀ ਲਗਾਈ ਗਈ ਸੀ। ਫਿਰ ਪਹਿਲਗਾਮ ਹਮਲੇ ਤੋਂ ਬਾਅਦ, ਇਹ ਵਿਵਾਦ ਹੋਰ ਡੂੰਘਾ ਹੋ ਗਿਆ ਅਤੇ ਭਾਰਤ ਸਰਕਾਰ ਨੇ ਸਾਰੇ ਪਾਕਿਸਤਾਨੀ ਕਲਾਕਾਰਾਂ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਪਾਬੰਦੀ ਲਗਾ ਕੇ ਪਾਕਿਸਤਾਨੀ ਕਲਾਕਾਰਾਂ ‘ਤੇ ਪਾਬੰਦੀ ਲਗਾ ਦਿੱਤੀ। ਦਿਲਜੀਤ ਦੋਸਾਂਝ ਨੂੰ ‘ਗੱਦਾਰ’ ਕਹਿਣ ਦਾ ਸਭ ਤੋਂ ਵੱਡਾ ਕਾਰਨ ਉਸ ਦੀ ਫਿਲਮ ‘ਸਰਦਾਰ ਜੀ 3’ ਹੈ। ਜਿਥੇ ਉਹ ਭਾਰਤ ਵਿੱਚ ਪਾਕਿਸਤਾਨੀ ਕਲਾਕਾਰਾਂ ‘ਤੇ ਪਾਬੰਦੀ ਦੇ ਬਾਵਜੂਦ ਹਾਨੀਆ ਆਮਿਰ ਨਾਲ ਕੰਮ ਕਰਦੇ ਹੋਏ ਦਿਖਾਈ ਦੇ ਰਿਹਾ ਹੈ। ਪਰ ਇਹ ਫਿਲਮ ਪਹਿਲਗਾਮ ਹਮਲੇ ਤੋਂ ਪਹਿਲਾਂ ਸ਼ੂਟ ਹੋਈ ਸੀ।

ਫਿਲਮ ਇੰਡਸਟਰੀ ਬਾਡੀ FWICE (ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼) ਨੇ ਪਾਕਿਸਤਾਨੀ ਕਲਾਕਾਰਾਂ ਨੂੰ ਭਾਰਤੀ ਫਿਲਮਾਂ ਵਿੱਚ ਕੰਮ ਕਰਨ ਤੋਂ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ। FWICE ਨੇ ਖੁੱਲ੍ਹ ਕੇ ਕਿਹਾ ਕਿ ਜੇਕਰ ਦਿਲਜੀਤ ਦੋਸਾਂਝ ਜਾਂ ਕੋਈ ਹੋਰ ਕਲਾਕਾਰ ਅਜਿਹੇ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਕਰਦਾ ਹੈ, ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੂੰ ‘ਗੱਦਾਰ’ ਕਿਹਾ ਗਿਆ ਅਤੇ ਇੰਡਸਟਰੀ ਤੋਂ ਬਾਹਰ ਕੱਢਣ ਦੀ ਚੇਤਾਵਨੀ ਦਿੱਤੀ ਗਈ।