ਮੁੰਬਈ:‘ਬਿੱਗ ਬੌਸ 13’ ਦੀ ਮੁਕਾਬਲੇਬਾਜ਼ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਅੱਜ-ਕੱਲ੍ਹ ਫਿਟਨੈੱਸ ਲਈ ‘ਏਰੀਅਲ ਸਿਲਕ’ ਵਿੱਚ ਮੁਹਾਰਤ ਹਾਸਲ ਕਰ ਰਹੀ ਹੈ। ਉਹ ਕਹਿੰਦੀ ਹੈ ਕਿ ਇਸ ਕਲਾ ਨੂੰ ਘੱਟ ਤਰਜੀਹ ਦਿੱਤੀ ਜਾਂਦੀ ਹੈ, ਜਦਕਿ ਏਰੀਅਲ ਸਿਲਕ ਲਈ ਬਹੁਤ ਜ਼ਿਆਦਾ ਮਾਨਸਿਕ ਤਾਕਤ ਦੀ ਲੋੜ ਹੁੰਦੀ ਹੈ। ਹਿਮਾਸ਼ੀ ਨੇ ਕਿਹਾ, ‘‘ਏਰੀਅਲ ਸਿਲਕ ਲਈ ਅਥਾਹ ਮਾਨਸਿਕ ਤਾਕਤ ਅਤੇ ਦ੍ਰਿੜ ਇਰਾਦੇ ਦੀ ਲੋੜ ਹੁੰਦੀ ਹੈ। ਇਸ ਕਲਾ ਨੂੰ ਘੱਟ ਦਰਜਾ ਦਿੱਤਾ ਗਿਆ ਹੈ ਅਤੇ ਹੋਰ ਜ਼ਿਆਦਾ ਲੋਕਾਂ ਨੂੰ ਇਹ ਸੁੰਦਰ ਕਲਾ ਅਪਣਾਉਣ ਦੀ ਲੋੜ ਹੈ। ਇਸ ਨੂੰ ਕਰਨ ਲਈ ਬਹੁਤ ਜ਼ਿਆਦਾ ਅੰਦਰੂਨੀ ਤਾਕਤ ਦੀ ਲੋੜ ਹੈ ਅਤੇ ਇਸ ਨੂੰ ਲਗਾਤਾਰ ਬਣਾਈ ਰੱਖਣ ਲਈ ਮਨ ਦੀ ਗਹਿਰਾਈ ’ਚ ਜਾਣਾ ਪੈਂਦਾ ਹੈ।’’ ਅਦਾਕਾਰਾ ਨੇ ਕਿਹਾ, ‘‘ਮੇਰੇ ਕੋਲ ਮੇਰੀ ਮਦਦ ਲਈ ਇੱਕ ਵਧੀਆ ਟੀਮ ਹੈ ਅਤੇ ਮੈਂ ਇਸ ਕਲਾ ਨੂੰ ਪਿਆਰ ਕਰ ਰਹੀ ਹਾਂ। ਮੈਂ ਇਸ ਵਿੱਚ ਬੱਚਿਆਂ ਵਾਂਗ ਕਦਮ ਰੱਖ ਰਹੀ ਹਾਂ ਅਤੇ ਮੈਂ ਹੁਣ ਤੱਕ ਦੀ ਮੁਹਾਰਤ ਤੋਂ ਬੇਹੱਦ ਖੁਸ਼ ਹਾਂ।’’ ਹਿਮਾਂਸ਼ੀ ਨੇ ਉਮੀਦ ਜਤਾਈ ਕਿ ਇੱਕ ਦਿਨ ਉਹ ਇਸ ਕਲਾ ਵਿੱਚ ਮਾਹਿਰ ਹੋਵੇਗੀ। ਉਸ ਨੇ ਕਿਹਾ, ‘‘ਹਰ ਕਿਸੇ ਨੂੰ ਸਿਹਤਮੰਦ ਰਹਿਣ ਲਈ ਕੋਈ ਨਾ ਕੋਈ ਕਸਰਤ ਕਰਨੀ ਚਾਹੀਦੀ ਹੈ। ਸਿਹਤ ਸਭ ਤੋਂ ਮਹੱਤਵਪੂਰਨ ਹੈ ਅਤੇ ਇਸ ਨੂੰ ਕਦੇ ਵੀ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ। ਸਾਰਿਆਂ ਲਈ ਪਿਆਰ ਅਤੇ ਉਮੀਦ।’’