ਬੰਗਲੂੂੁਰੂ, 27 ਅਪਰੈਲ

ਭਾਰਤੀ ਮਹਿਲਾ ਹਾਕੀ ਟੀਮ ਦੀ ਕੋਚ ਯਾਨੇਕ ਸ਼ੋਪਮੈਨ ਨੇ ਕਿਹਾ ਕਿ ਟੀਮ ਅਗਲੇ ਮਹੀਨੇ ਹੋਣ ਵਾਲੇ ਐੱਫਆਈਐੱਚ ਪ੍ਰੋ ਲੀਗ ਮੈਚਾਂ ਅਤੇ ਆਗਾਮੀ ਵਿਸ਼ਵ ਕੱਪ ਵਿੱਚ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਣ ਲਈ ਫਿੱਟਨੈੱਸ ਅਤੇ ਫੁਰਤੀ ਵਧਾਉਣ ’ਤੇ ਧਿਆਨ ਕੇਂਦਰਿਤ ਕਰੇਗੀ। ਐੱਫਆਈਐੱਚ ਪ੍ਰੋ ਲੀਗ ਦੇ ਘਰੇਲੂ ਗੇੜ ਦੇ ਮੈਚਾਂ ਵਿੱਚ ਸਫਲਤਾ ਹਾਸਲ ਕਰਨ ਮਗਰੋਂ ਭਾਰਤ ਇਸ ਸਮੇਂ ਅੰਕ ਸੂਚੀ ਵਿੱਚ ਸਿਖਰ ’ਤੇ ਹੈ। ਭਾਰਤੀ ਟੀਮ ਨੇ ਅਗਲੇ ਮਹੀਨੇ ਹੋਣ ਵਾਲੇ ਪ੍ਰੋ ਲੀਗ ਦੇ ਆਖ਼ਰੀ ਗੇੜ ਦੇ ਮੈਚਾਂ ਅਤੇ ਪਹਿਲੀ ਜੁਲਾਈ ਤੋਂ ਸਪੇਨ ਤੇ ਨੀਦਰਲੈਂਡਜ਼ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਰਤ ਪ੍ਰੋ ਲੀਗ ਵਿੱਚ ਬੈਲਜੀਅਮ, ਅਰਜਨਟੀਨਾ ਅਤੇ ਅਮਰੀਕਾ ਵਰਗੀਆਂ ਟੀਮ ਦਾ ਸਾਹਮਣਾ ਕਰਨ ਮਗਰੋਂ ਵਿਸ਼ਵ ਕੱਪ ਵਿੱਚ ਹਿੱਸਾ ਲਵੇਗਾ।