ਮੁੰਬਈ, 24 ਦਸੰਬਰ

ਫ਼ਿਲਮ ਨਿਰਮਾਤਾਵਾਂ ਨੇ ਅੱਜ ਖੁਲਾਸਾ ਕੀਤਾ ਕਿ ਬੌਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਤੇ ਰਸ਼ਮਿਕਾ ਮੰਦਾਨਾ ਜਾਸੂਸੀ ਆਧਾਰਿਤ ਫ਼ਿਲਮ ‘ਮਿਸ਼ਨ ਮਜਨੂੰ’ ਵਿੱਚ ਨਜ਼ਰ ਆਉਣਗੇ।

ਸੱਚੀ ਘਟਨਾਵਾਂ ’ਤੇ ਆਧਾਰਿਤ ਇਸ ਫ਼ਿਲਮ ਰਾਹੀਂ ਮੰਦਾਨਾ ਬੌਲੀਵੁੱਡ ਵਿੱਚ ਵਿਚ ਪੈਰ ਧਰਨ ਜਾ ਰਹੀ ਹੈ। ਦੱਖਣੀ ਫ਼ਿਲਮਾਂ ਦੀ ਇਹ ਸਟਾਰ ਆਪਣੀ ਮਕਬੂਲ ਕੰਨੜ ਫ਼ਿਲਮ ‘ਅੰਜਨੀ ਪੁੱਤਰਾ’ ਤੇ ਤੇਲਗੂ ਫ਼ਿਲਮ ‘ਗੀਤਾ ਗੋਵਿੰਦਮ’ ਲਈ ਜਾਣੀ ਜਾਂਦੀ ਹੈ।

ਫ਼ਿਲਮ ‘ਉੜੀ: ਦਿ ਸਰਜੀਕਲ ਸਟਰਾਈਕ’ ਅਤੇ ‘ਦਿ ਸਕਾਈ ਇਜ਼ ਪਿੰਕ’ ਵਰਗੀਆਂ ਪ੍ਰਸਿੱਧ ਫ਼ਿਲਮਾਂ ਲਈ ਜਾਣੇ ਜਾਂਦੇ ਫ਼ਿਲਮ ਨਿਰਮਾਤਾ ਰੌਨੀ ਆਰ. ਨੇ ਇਹ ਫ਼ਿਲਮ ਅਮਰ ਬੁਤਾਲਾ ਅਤੇ ਗਰਿਮਾ ਮਹਿਤਾ ਨਾਲ ਮਿਲ ਕੇ ਬਣਾਈ ਹੈ। ਜਾਣਕਾਰੀ ਅਨੁਸਾਰ ਇਹ ਫ਼ਿਲਮ ਸਾਲ 1970 ਦਰਮਿਆਨ ਭਾਰਤ ਦੇ ਪਾਕਿਸਤਾਨ ਵਿਚਲੇ ਸਭ ਤੋਂ ਵੱਧ ਉਤਸ਼ਾਹਿਤ ਮਿਸ਼ਨ ਦੀ ਕਹਾਣੀ ’ਤੇ ਆਧਾਰਿਤ ਹੈ, ਜਿਸ ਨੇ ਹਮੇਸ਼ਾਂ ਲਈ ਦੋ ਮੁਲਕਾਂ ਦੇ ਸਬੰਧਾਂ ਨੂੰ ਬਦਲ ਦਿੱਤਾ ਸੀ।

ਰੌਨੀ ਦਾ ਕਹਿਣਾ ਹੈ ਕਿ ਫ਼ਿਲਮ ‘ਮਿਸ਼ਨ ਮਜਨੂੰ’ ਦਾ ਮੁੱਖ ਮਕਸਦ ਉਸ ਮਿਸ਼ਨ ਦੇ ਨਾਇਕਾਂ ਨੂੰ ਸ਼ਰਧਾਂਜਲੀ ਦੇਣਾ ਹੈ, ਜਿਨ੍ਹਾਂ ਨੇ ਆਪਣੇ ਮਕਸਦ ਲਈ ਕੁਰਬਾਨੀ ਦਿੱਤੀ ਸੀ। ਉਨ੍ਹਾਂ ਆਖਿਆ, ‘‘ਇਥੇ ਹਜ਼ਾਰਾਂ ਹੀ ਹੀਰੋ ਹਨ, ਜਿਹੜੇ ਆਪਣੇ ਮੁਲਕ ਦੀ ਰਾਖੀ ਲਈ ਅਤਿਵਾਦੀਆਂ ਅਤੇ ਸ਼ਰਾਰਤੀ ਮੁਲਕਾਂ ਨਾਲ ਲੋਹਾ ਲੈਂਦੇ ਹਨ। ਅਕਸਰ ਉਨ੍ਹਾਂ ਦੇ ਕੰਮ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ ਪਰ ‘ਮਿਸ਼ਨ ਮਜਨੂੰ’ ਉਨ੍ਹਾਂ ਦੀਆਂ ਕੁਰਬਾਨੀਆਂ ਤੇ ਕੋਸ਼ਿਸ਼ਾਂ ਨੂੰ ਅੱਗੇ ਲਿਆਉਣ ਦਾ ਇੱਕ ਯਤਨ ਹੈ।’’

ਇਸ ਫ਼ਿਲਮ ਦੀ ਕਹਾਣੀ ਪਰਵੀਜ਼ ਸ਼ੇਖ, ਅਸੀਮ ਅਰੋੜਾ ਅਤੇ ਸੁਮਿਤ ਬਥੇਜਾ ਨੇ ਲਿਖੀ ਹੈ ਅਤੇ ਇਸ ਫ਼ਿਲਮ ਦੇ ਨਿਰਦੇਸ਼ਨ ਨਾਲ ਸ਼ਾਂਤਨੂੰ ਬਾਗਚੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਹੈ।