ਮੁੰਬਈ: ‘ਪ੍ਰਾਜੈਕਟ ਕੇ’ ਦੇ ਨਿਰਮਾਤਾਵਾਂ ਨੇ ਅੱਜ ਬੌਲਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਫਿਲਮ ਵਿਚਲੀ ਪਹਿਲੀ ਝਲਕ ਪੇਸ਼ ਕੀਤੀ ਹੈ। ਇਸ ਫ਼ਿਲਮ ਵਿੱਚ ਅਦਾਕਾਰਾ ਦੇ ਕਿਰਦਾਰ ਨੂੰ ਬਿਹਤਰ ਭਵਿੱਖ ਦੀ ਉਮੀਦ ਵਜੋਂ ਪੇਸ਼ ਕੀਤਾ ਗਿਆ ਹੈ। ਨਾਗ ਅਸ਼ਵਿਨ ਵੱਲੋਂ ਨਿਰਦੇਸ਼ਿਤ ‘ਪ੍ਰਾਜੈਕਟ ਕੇ’ ਵਿੱਚ ਪ੍ਰਭਾਸ, ਅਮਿਤਾਭ ਬੱਚਨ ਅਤੇ ਕਮਲ ਹਾਸਨ ਤੇ ਦਿਸ਼ਾ ਪਟਾਨੀ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ‘ਪ੍ਰਾਜੈਕਟ ਕੇ’ ਦੀ ਨਿਰਮਾਤਾ ਕੰਪਨੀ ਵੈਜੰਤੀ ਮੂਵੀਜ਼ ਨੇ ਆਪਣੇ ਅਧਿਕਾਰਤ ਟਵਿੱਟਰ ਪੇਜ਼ ’ਤੇ ਫ਼ਿਲਮ ਦਾ ਇੱਕ ਪੋਸਟਰ ਸਾਂਝਾ ਕੀਤਾ ਹੈ, ਜਿਸ ਵਿੱਚ ਦੀਪਿਕਾ ਪਾਦੂਕੋਣ ਨਜ਼ਰ ਆ ਰਹੀ ਹੈ। ਕੰਪਨੀ ਨੇ ਆਖਿਆ,‘‘ ਇੱਕ ਉਮੀਦ ਜਾਗੀ ਹੈ, ਬਿਹਤਰ ਕੱਲ੍ਹ ਦੀ… ਇਹ ‘ਪ੍ਰਾਜੈਕਟ ਕੇ’ ਦੀ ਦੀਪਿਕਾ ਪਾਦੂਕੋਣ ਹੈ।’’ ਅੱਜ ਸਾਂਝੇ ਕੀਤੇ ਗਏ ਇਸ ਪੋਸਟ ਵਿੱਚ ਕੰਪਨੀ ਨੇ ਕਿਹਾ,‘‘ਫ਼ਿਲਮ ਵਿੱਚ ਦੀਪਿਕਾ ਅਜਿਹੀ ਮਹਿਲਾ ਦਾ ਕਿਰਦਾਰ ਨਿਭਾ ਰਹੀ ਹੈ, ਜਿਸਦੀਆਂ ਅੱਖਾਂ ਵਿੱਚ ਇੱਕ ਨਵੀਂ ਦੁਨੀਆ ਦੇ ਸੁਫ਼ਨੇ ਪਲਦੇ ਹਨ।’’ ਦੱਸਣਯੋਗ ਹੈ ਕਿ ਹਾਸਨ, ਪ੍ਰਭਾਸ, ਦੀਪਿਕਾ ਅਤੇ ਅਸ਼ਵਿਨ ਫ਼ਿਲਮ ਦਾ ਅਧਿਕਾਰਤ ਨਾਂ, ਟ੍ਰੇਲਰ ਅਤੇ ਰਿਲੀਜ਼ ਹੋਣ ਦੀ ਮਿਤੀ ਦਾ ਐਲਾਨ ਯੂਐੱਸ ਵਿੱਚ ਸਾਂ ਡੀਏਗੋ ਕਾਮਿਕ ਕੋਨ ਦੇ ਪਹਿਲੇ ਦਿਨ ਕਰਨਗੇ। ਕਾਮਿਕ ਕੋਨ 20 ਤੋਂ 23 ਜੁਲਾਈ ਨੂੰ ਹੋਵੇਗਾ ਤੇ ਵੈਜੰਤੀ ਮੂਵੀਜ਼ ਕੰਪਨੀ ਇਸ ਦੀ ਮੇਜ਼ਬਾਨੀ ਕਰੇਗੀ। ਫ਼ਿਲਮ ਨਿਰਮਾਤਾਵਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ‘ਪ੍ਰਾਜੈਕਟ ਕੇ’ ਪਹਿਲੀ ਭਾਰਤੀ ਫ਼ਿਲਮ ਹੋਵੇਗੀ ਜਿਸਦੀ ਸ਼ੁਰੂਆਤ ਐੱਸਡੀਸੀਸੀ ਤੋਂ ਹੋਵੇਗੀ।