ਚੰਡੀਗੜ੍ਹ, 14 ਜੂਨ
ਪ੍ਰੋਡਿਊਸਰ-ਨਿਰਦੇਸ਼ਕ ਅਲੌਕਿਕ ਦੇਸਾਈ ਦੀ ਆਉਣ ਵਾਲੀ ਫ਼ਿਲਮ ਵਿੱਚ ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਵੱਲੋਂ ਸੀਤਾ ਦਾ ਕਿਰਦਾਰ ਨਿਭਾਏ ਜਾਣ ਦੀ ਚਰਚਾ ਹੈ। ਇਹ ਫ਼ਿਲਮ ਹਿੰਦੂ ਬੀਰ ਗਾਥਾ ‘ਰਾਮਾਇਣ’ ’ਤੇ ਆਧਾਰਿਤ ਹੈ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਅਦਾਕਾਰਾ ਨੇ ਕਿਰਦਾਰ ਨਿਭਾਉਣ ਬਦਲੇ ਵੱਡੀ ਰਾਸ਼ੀ ਦੀ ਮੰਗ ਕੀਤੀ ਹੈ। ਬੌਲੀਵੁੱਡ ਹੰਗਾਮਾ ‘ਜਬ ਵੀ ਮੈੱਟ ਸਟਾਰ’ ਦੀ ਰਿਪੋਰਟ ਅਨੁਸਾਰ ਅਦਾਕਾਰਾ ਨੇ ਇਸ ਕਿਰਦਾਰ ਲਈ ਆਪਣੀ ਫੀਸ ਕਥਿਤ ਤੌਰ ’ਤੇ ਕਾਫੀ ਵਧਾ ਦਿੱਤੀ ਹੈ ਅਤੇ ਉਸ ਨੇ ਇਸ ਪ੍ਰਾਜੈਕਟ ਲਈ 12 ਕਰੋੜ ਰੁਪਏ ਦੀ ਮੰਗ ਕੀਤੀ ਹੈ। ਹਾਲਾਂਕਿ ਇਹ ਖ਼ਬਰ ਦੇਸ਼ ਵਾਸੀਆਂ ਨੂੰ ਹਜ਼ਮ ਨਹੀਂ ਹੋ ਰਹੀ। ਟਵਿੱਟਰ ’ਤੇ ਕਰੀਨਾ ਦਾ ਬਾਈਕਾਟ ਕਰਨ ਦੀ ਮੰਗ ਵੀ ਉੱਠਣ ਲੱਗੀ ਹੈ। ਟਵਿੱਟਰ ਵਰਤੋਂਕਾਰਾਂ ਨੇ ਆਖਿਆ ਕਿ ਫ਼ਿਲਮ ਵਿੱਚ ਸੀਤਾ ਦਾ ਕਿਰਦਾਰ ਨਿਭਾਉਣ ਲਈ ਕਰੀਨਾ ਨੇ ਐਨੀ ਵੱਡੀ ਰਾਸ਼ੀ ਦੀ ਮੰਗ ਕਰਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਇਹ ਮਨੁੱਖਤਾ ਦੇ ਖ਼ਿਲਾਫ਼ ਹੈ। ਟਵਿੱਟਰ ’ਤੇ ਲੋਕ ‘ਕਰੀਨਾ ਦਾ ਬਾਈਕਾਟ ਕਰੋ’ ਦਾ ਨਾਅਰਾ ਲਿਖ ਕੇ ਲਾਹਨਤਾਂ ਪਾ ਰਹੇ ਹਨ। ਇੱਕ ਵਿਅਕਤੀ ਨੇ ਟਵੀਟ ਕਰਦਿਆਂ ਆਖਿਆ,‘‘ਯਾਦ ਰੱਖੋ ਕਿ ਕਰੀਨਾ ਨੇ ਲੋਕਾਂ ਨੂੰ ਗਰੂਰ ’ਚ ਕਿਹਾ ਸੀ ਕਿ ਤੁਸੀਂ ਮੂਰਖੋ ਸਾਨੂੰ ਸਟਾਰ ਬਣਾਉਂਦੇ ਹੋ, ਮੇਰੀਆਂ ਫ਼ਿਲਮਾਂ ਨਾ ਦੇਖੋ, ਕਿਉਂਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ। ਅਜਿਹੇ ਨਖਿੱਧ ਬੰਦਿਆਂ ਨੂੰ ਨਾ ਦੇਖੋ। ਉਹ ਮਿਥਿਹਾਸਕ ਫ਼ਿਲਮ ਤੋਂ ਉਕਤਾ ਗਈ ਹੈ… ਬਾਈਕਾਟ ਕਰੀਨਾ ਖ਼ਾਨ।’’ ਇਕ ਹੋਰ ਵਿਅਕਤੀ ਨੇ ਆਖਿਆ,‘‘ਜਿਹੜੀ ਅਦਾਕਾਰਾ ਹਿੰਦੂ ਧਰਮ ਦਾ ਸਤਿਕਾਰ ਨਹੀਂ ਕਰਦੀ ਉਹ ਇਹ ਕਿਰਦਾਰ ਨਿਭਾ ਨਹੀਂ ਸਕਦੀ… ਬਾਈਕਾਟ ਕਰੀਨਾ ਖ਼ਾਨ।’’