ਪੈਰਿਸ:ਦੋ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਵਿਕਟੋਰੀਆ ਅਜ਼ਾਰੇਂਕਾ ਨੇ ਬੇਲਾਰੂਸ ਦੀ ਐਂਡਰੀਆ ਪੈਟਕੋਵਿਕ ਨੂੰ 6-1, 7-6 (3) ਨਾਲ ਹਰਾ ਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਦੱਸਣਯੋਗ ਹੈ ਕਿ ਅਜ਼ਾਰੇਂਕਾ ਦੋ ਵਾਰ ਆਸਟਰੇਲੀਅਨ ਓਪਨ ਜਿੱਤ ਚੁੱਕੀ ਹੈ ਅਤੇ ਇੱਕ ਵਾਰ ਉਹ ਰੋਲਾਂਡ ਗਾਰੌਸ ਟੂਰਨਾਮੈਂਟ ਦੇ ਸੈਮੀ ਫਾਈਨਲ ਤੱਕ ਪਹੁੰਚੀ ਸੀ ਜਦਕਿ ਐਂਡਰੀਆ ਪੈਟਕੋਵਿਕ 2014 ਵਿੱਚ ਫਰੈਂਚ ਓਪਨ ਦੇ ਸੈਮੀ ਫਾਈਨਲ ਵਿੱਚ ਪਹੁੰਚੀ ਪਰ ਉਸ ਤੋਂ ਮਗਰੋਂ ਉਹ ਕਿਸੇ ਵੀ ਗਰੈਂਡ ਸਲੈਮ ਟੂਰਨਾਮੈਂਟ ਦੇ ਤੀਜੇ ਗੇੜ ਤੋਂ ਅੱਗੇ ਨਹੀਂ ਵਧ ਸਕੀ।

ਹੋਰ ਮੁਕਾਬਲਿਆਂ ਵਿੱਚ ਡੈਨਮਾਰਕ ਦੇ ਹੋਲਗਰ ਰੂਨੇ ਨੇ ਡੈਨਿਸ ਸ਼ਾਪੋਵਾਲੋਵ ਨੂੰ 6-3, 6-7, 7-6 ਨਾਲ ਹਰਾਇਆ। ਉੱਥੇ ਹੀ ਸਿਟਸਿਪਾਸ ਨੇ ਲੋਰੇਂਜ਼ੋ ਮੁਸੇਟੀ ਨੂੰ 5-7, 4-6, 6-2, 6-3, 6-2 ਨਾਲ ਮਾਤ ਦਿੱਤੀ। ਮਹਿਲਾ ਵਰਗ ਵਿੱਚ 2017 ਦੀ ਚੈਂਪੀਅਨ ਜੈਲੇਨਾ ਓਸਟਾਪੇਂਕੋ, 2018 ਦੀ ਚੈਂਪੀਅਨ ਸਿਮੋਨਾ ਹਾਲੇਪ, ਅਰਾਇਨਾ ਸਬਾਲੇਂਕਾ, ਡੈਨੀਅਲ ਕੋਲਿਨਸ ਅਤੇ ਜੈਸਿਕਾ ਪੇਗੁਲਾ ਦੂਜੇ ਗੇੜ ਵਿੱਚ ਪਹੁੰਚ ਗਈਆਂ ਹਨ।