ਪੈਰਿਸ:ਨਿਕੋਲਸ ਮਾਹੁਟ ਅਤੇ ਪਿਏਰੇ ਹਰਬਰਟ ਦੀ ਫਰੈਂਚ ਜੋੜੀ ਨੇ ਤਿੰਨ ਸੈੱਟਾਂ ਵਿੱਚ ਜਿੱਤ ਦਰਜ ਕਰ ਕੇ ਦੂਸਰੀ ਵਾਰ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਦਾ ਖਿਤਾਬ ਜਿੱਤ ਲਿਆ ਹੈ। ਮਾਹੁਟ ਅਤੇ ਹਰਬਰਟ ਨੇ ਫਾਈਨਲ ਵਿੱਚ ਕਜ਼ਾਖਸਤਾਨ ਦੇ ਅਲੈਗਜ਼ੈਂਡਰ ਬੁਲਬਲਿਕ ਅਤੇ ਆਂਦਰੇ ਗੋਲੁਬੇਵ ਦੀ ਜੋੜੀ ਨੂੰ 4-6, 7-6 (1), 6-4 ਨਾਲ ਹਰਾਇਆ। ਇਹ ਉਨ੍ਹਾਂ ਦਾ ਪੰਜਵਾਂ ਗਰੈਂਡਸਲੈਮ ਖਿਤਾਬ ਹੈ। ਵਿਸ਼ਵ ਯੁੱਧ ਤੋਂ ਬਾਅਦ ਦੋ ਵਾਰ ਫਰੈਂਚ ਓਪਨ ਡਬਜ਼ਲ ਦਾ ਖਿਤਾਬ ਜਿੱਤਣ ਵਾਲੀ ਇਹ ਪਹਿਲੀ ਫਰੈਂਚ ਜੋੜੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2018 ਵਿੱਚ ਇਹ ਖਿਤਾਬ ਜਿੱਤਿਆ ਸੀ। ਇਸ ਬਾਰੇ ਮਾਹੁਟ ਨੇ ਕਿਹਾ ਕਿ ਉਹ ਦੋਹੇਂ ਓਲੰਪਿਕ ਵਿੱਚ ਸੋਨ ਤਗਮਾ ਜਿੱਤਣਾ ਚਾਹੁੰਦੇ ਹਨ। ਮਾਹੁਟ ਨੇ ਕਿਹਾ, ‘‘ਅਸੀਂ ਓਲੰਪਿਕ ਜਿੱਤਣ ਲਈ ਸਖ਼ਤ ਮਿਹਨਤ ਕਰ ਰਹੇ ਹਾਂ। ਇਹੋ ਸਾਨੂੰ ਪ੍ਰੇਰਿਤ ਕਰਦਾ ਹੈ। ਜਦੋਂ ਮੈਨੂੰ ਅਭਿਆਸ ਕਰਨ ਚ ਮੁਸ਼ਕਲ ਆਉਂਦੀ ਹੈ ਤਾਂ ਮੈਂ ਓਲੰਪਿਕ ਬਾਰੇ ਸੋਚਦਾ ਹਾਂ।’’