ਪੈਰਿਸ, 8 ਜੂਨ
ਪਿਛਲੇ ਚੈਂਪੀਅਨ ਰਾਫ਼ੇਲ ਨਡਾਲ ਅੱਜ ਫਰੈਂਚ ਓਪਨ ਸੈਮੀਫਾਈਨਲ ਵਿੱਚ ਰੋਜਰ ਫੈਡਰਰ ਨੂੰ ਕਰਾਰੀ ਹਾਰ ਦੇ ਕੇ ਰਿਕਾਰਡ 12ਵੇਂ ਰੋਲਾਂ ਗੈਰਾਂ ਖ਼ਿਤਾਬ ਤੋਂ ਮਹਿਜ਼ ਇਕ ਕਦਮ ਦੂਰ ਹੈ। ਨਡਾਲ ਨੇ ਆਪਣੇ ਪੁਰਾਣੇ ਵਿਰੋਧੀ ਫੈਡਰਰ ਨੂੰ ਗਰੈਂਡਸਲੇਮ ਵਿੱਚ ਗਿਆਰਾਂ ਸਾਲਾਂ ਵਿੱਚ ਸਭ ਤੋਂ ਬੁਰੀ ਤਰ੍ਹਾਂ ਹਰਾਇਆ।
33 ਸਾਲਾ ਨਡਾਲ ਨੇ ਕੋਰਟ ਫਿਲਿਪ ਚਾਰਟੀਅਰ ’ਤੇ ਆਖ਼ਰੀ ਚਾਰ ਦੇ ਮੁਕਾਬਲੇ ਵਿੱਚ ਫੈਡਰਰ ਨੂੰ 6-3, 6-4, 6-2 ਨਾਲ ਆਸਾਨੀ ਨਾਲ ਹਰਾਇਆ ਅਤੇ ਹੁਣ ਉਸ ਦਾ ਸਾਹਮਣਾ ਐਤਵਾਰ ਨੂੰ ਦੁਨੀਆਂ ਦੇ ਨੰਬਰ ਇਕ ਨੋਵਾਕ ਜੋਕੋਵਿਚ ਅਤੇ ਆਸਟਰੇਲੀਆ ਦੇ ਚੌਥਾ ਦਰਜਾ ਪ੍ਰਾਪਤ ਡੋਮਿਨਿਕ ਥਿਏਮ ਵਿਚਾਲੇ ਹੋਣ ਵਾਲੇ ਸੈਮੀ ਫਾਈਨਲ ਦੇ ਜੇਤੂ ਨਾਲ ਹੋਵੇਗਾ। ਇਸ ਤਰ੍ਹਾਂ ਨਡਾਲ ਫਰੈਂਚ ਓਪਨ ਵਿੱਚ 12ਵੇਂ ਫਾਈਨਲ ’ਚ ਪਹੁੰਚਿਆ ਅਤੇ ਉਹ ਰੋਲਾਂ ਗੈਰਾਂ ’ਤੇ ਫਾਈਨਲ ਵਿੱਚ ਕਦੇ ਨਹੀਂ ਹਾਰਿਆ ਹੈ। ਨਡਾਲ ਨੇ ਕਿਹਾ ਕਿ ਰੋਜਰ ਦੇ ਨਾਲ ਇੱਥੇ ਖੇਡਣਾ ਸ਼ਾਨਦਾਰ ਹੈ। ਨਡਾਲ ਨੇ ਕਿਹਾ, ‘‘ਰੋਜਰ ਦੇ ਨਾਲ ਇੱਥੇ ਖੇਡਣਾ ਸ਼ਾਨਦਾਰ ਹੈ।’’ ਦੂਜਾ ਦਰਜਾ ਪ੍ਰਾਪਤ ਖਿਡਾਰੀ ਦਾ ਪੈਰਿਸ ਦੀ ਬਜਰੀ ’ਤੇ ਜਿੱਤ-ਹਾਰ ਦਾ 92-2 ਦਾ ਸ਼ਾਨਦਾਰ ਰਿਕਾਰਡ ਹੈ। ਉਸ ਨੇ ਫੈਡਰਰ ਦੇ ਨਾਲ ਛੇਵੇਂ ਮੁਕਾਬਲੇ ’ਚ ਐਨੀਆਂ ਹੀ ਜਿੱਤਾਂ ਹਾਸਲ ਕੀਤੀਆਂ ਹਨ।
ਨਡਾਲ ਨੇ ਇਸ ਤਰ੍ਹਾਂ ਫੈਡਰਰ ਖ਼ਿਲਾਫ਼ ਰਿਕਾਰਡ 24-15 ਕਰ ਲਿਆ ਹੈ ਅਤੇ ਕਲੇਅ ਕੋਰਟ ’ਤੇ ਇਹ 14-2 ਹੋ ਗਿਆ ਹੈ। ਇਸੇ ਦੌਰਾਨ ਮਹਿਲਾ ਸੈਮੀ ਫਾਈਨਲ ਵਿੱਚ ਅੱਜ ਅੱਠਵਾਂ ਦਰਜਾ ਪ੍ਰਾਪਤ ਐਸ਼ਲੇ ਬਾਰਟੀ ਨੇ ਅਮਰੀਕਾ ਦੀ ਅਮਾਂਡਾ ਐਨੀਸਿਮੋਵਾ ’ਤੇ ਜਿੱਤ ਦਰਜ ਕਰ ਕੇ ਪਹਿਲੇ ਗਰੈਂਡਸਲੇਮ ਫਾਈਨਜ਼ ’ਚ ਪ੍ਰਵੇਸ਼ ਕੀਤਾ ਜਿੱਥੇ ਉਸ ਦਾ ਮੁਕਾਬਲਾ ਚੈੱਕ ਗਣਰਾਜ ਦੀ ਮਾਰਕੇਟਾ ਵੋਂਦਰੂਸੋਵਾ ਨਾਲ ਹੋਵੇਗਾ। 23 ਸਾਲਾ ਐਸ਼ਲੇ ਨੇ 0-3 ਤੋਂ ਪੱਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ 17 ਸਾਲਾ ਅਮਾਂਡਾ ਐਨੀਸਿਮੋਵਾ ਨੂੰ 6-7, 6-3, 6-3 ਨਾਲ ਹਰਾਇਆ।
ਉਹ ਸਾਮੰਤਾ ਸਟੋਸੁਰ ਤੋਂ ਬਾਅਦ ਫਰੈਂਚ ਓਪਨ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਆਸਟਰੇਲਿਆਈ ਹੈ ਜੋ 2010 ’ਚ ਉਪ ਜੇਤੂ ਰਹੀ ਸੀ। ਐਸ਼ਲੇ ਇਸ ਪ੍ਰਦਰਸ਼ਨ ਦੇ ਜ਼ੋਰ ’ਤੇ ਅਗਲੇ ਹਫ਼ਤੇ ਰੈਂਕਿੰਗ ’ਚ ਸਿਖ਼ਰਲੀ ਤਿੰਨ ਖਿਡਾਰਨਾਂ ’ਚ ਪਹੁੰਚ ਜਾਵੇਗੀ। ਫਾਈਨਲ ਵਿੱਚ ਹੁਣ ਐਸ਼ਲੇ ਦਾ ਸਾਹਮਣਾ ਚੈੱਕ ਗਣਰਾਜ ਦੀ 19 ਸਾਲਾ ਮਾਰਕੇਟਾ ਵੋਂਦਰੂਸੋਵਾ ਨਾਲ ਹੋਵੇਗਾ ਜਿਸ ਵਿੱਚ ਉਸ ਦੀ ਕੋਸ਼ਿਸ਼ 1973 ਤੋਂ ਬਾਅਦ ਪੈਰਿਸ ਵਿਚ ਪਹਿਲੀ ਆਸਟਰੇਲਿਆਈ ਚੈਂਪੀਅਨ ਬਨਣ ਦੀ ਹੋਵੇਗੀ। 1973 ਵਿੱਚ ਮਾਰਗੇਟ ਕੋਰਟ ਪੈਰਿਸ ’ਚ ਚੈਂਪੀਅਨ ਬਨਣ ਵਾਲੀ ਆਸਟਰੇਲਿਆਈ ਖਿਡਾਰਨ ਸੀ।
ਅੱਜ ਮੁਕਾਬਲੇ ਵਿੱਚ ਮਾਰਕੇਟਾ ਨੇ ਬਰਤਾਨੀਆ ਦੀ ਯੋਹਾਨਾ ਕੋਂਟਾ ਨੂੰ 7-5, 7-6 ਨਾਲ ਹਰਾ ਕੇ ਆਪਣੇ ਪਹਿਲੇ ਗਰੈਂਡਸਲੇਮ ਫਾਈਨਲ ’ਚ ਜਗ੍ਹਾ ਪੱਕੀ ਕੀਤੀ। ਉਹ ਅੰਨਾ ਇਵਾਨੋਵਿਚ (2007) ਤੋਂ ਬਾਅਦ ਪੈਰਿਸ ਫਾਈਨਲ ’ਚ ਪਹੁੰਚਣ ਵਾਲੀ ਪਹਿਲੀ ਨੌਜਵਾਨ ਖਿਡਾਰਨ ਹੈ।