ਫਰੀਦਕੋਟ, 7 ਮਈ: ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਕੁਮਾਰ ਸੌਰਭ ਰਾਜ ਆਈ ਏ ਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲੇ ਅੰਦਰ ਸਿਹਤ ਵਿਭਾਗ ਵੱਲੋਂ ਕੋਵਿਡ-19 ਦੇ ਸਬੰਧ ਵਿੱਚ ਸ਼ੱਕੀ ਮਰੀਜ਼ਾਂ ਦੀ ਭਾਲ ਲਈ ਸਥਾਪਿਤ ਫਲੂ ਕਾਰਨਰ ਅਤੇ ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਦਾ ਇਕਾਂਤਵਾਸ ਸੈਂਟਰਾਂ ਵਿੱਚ ਮੈਡੀਕਲ ਸਕਰੀਨਿੰਗ ਅਤੇ ਕੋਵਿਡ-19 ਦੇ ਸੈਂਪਲ ਲੈਣ ਦਾ ਕੰਮ ਚੱਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਸਰਜਨ ਫਰੀਦਕੋਟ ਡਾ.ਰਜਿੰਦਰ ਕੁਮਾਰ ਨੇ ਦੱਸਿਆ ਕਿ ਇਹਨਾਂ ਸੈਂਪਲਾਂ ਵਿੱਚੋਂ ਹਜ਼ੂਰ ਸਾਹਿਬ ਤੋਂ ਫਰੀਦਕੋਟ ਪਹੁੰਚੇ 130 ਸ਼ਰਧਾਲੂਆਂ ਚੋਂ 1 ਹੋਰ ਔਰਤ ਦੀ ਰਿਪੋਰਟ ਪਾਜ਼ਿਟਵ ਆਈ ਹੈ ਜਿਸ ਨਾਲ ਪਾਜ਼ੇਟਿਵ ਕੇਸਾਂ ਦੀ ਗਿਣਤੀ 38 ਹੋ ਗਈ ਹੈ, 71 ਸ਼ਰਧਾਲੂਆਂ ਦੀ ਰਿਪੋਰਟ ਨੈਗੇਟਿਵ ਹੈ ਅਤੇ 21 ਸ਼ਰਧਾਲੁਆਂ ਦੀ ਰਿਪੋਰਟ ਅਜੇ ਪੈਂਡਿਗ ਹੈ।ਇਹਨਾਂ ਪਾਜ਼ੇਟਿਵ ਆਏ ਮਰੀਜ਼ਾਂ ਨੂੰ ਸਥਾਨਕ ਜੀ.ਜੀ.ਐਸ ਮੈਡੀਕਲ ਹਸਪਤਾਲ ਵਿਖੇ ਆਈਸੋਲੇਸ਼ਨ ਵਾਰਡ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।ਹੁਣ ਜ਼ਿਲੇ ਫਰੀਦਕੋਟ ਦੇ ਕੁੱਲ ਕੋਰੋਨਾ ਪਾਜ਼ੇਟਿਵ ਐਕਟਿਵ ਕੇਸ 42 ਹਨ।ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ,ਸਰਧਾਲੂਆਂ,ਮਜਦੂਰਾਂ ਅਤੇ ਹੋਰ ਵਿਅਕਤੀਆਂ ਅਤੇ ਜ਼ਿਲੇ ਵਿੱਚ ਆਮ ਲੋਕਾਂ ਲਈ ਸਥਾਪਿਤ ਫਲੂ ਕਾਰਨਰ ਤੇ ਕੋਰੋਨਾ ਦੇ ਅੱਜ ਤੱਕ ਕੁੱਲ 2282 ਸੈਂਪਲ ਇਕੱਤਰ ਕਰ ਲੈਬ ਵਿੱਚ ਭੇਜੇ ਜਾ ਚੁੱਕੇ ਹਨ। ਡਾ.ਰਜਿੰਦਰ ਨੇ ਦੱਸਿਆ ਕਿ ਸਰਕਾਰ ਦੇ ਉਪਰਾਲੇ ਸਦਕਾਂ ਹੁਣ ਸੈਂਪਲਿੰਗ ਦੇ ਨਤੀਜਿਆਂ ਵਿੱਚ ਤੇਜੀ ਲਿਆਉਣ ਲਈ ਪ੍ਰਾਈਵੇਟ ਲਾਲ ਪੈਥ ਲੈਬ ਨਾਲ ਗੱਠਜੋੜ ਕਰ ਲਿਆ ਗਿਆ ਹੈ।ਡਾ.ਰਜਿੰਦਰ ਨੇ ਕਿਹਾ ਕਿ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਕੁਮਾਰ ਸੌਰਭ ਰਾਜ ਆਈ.ਏ.ਐਸ ਦੀ ਯੋਗ ਅਗਵਾਈ ਹੇਠ ਬਾਹਰਲੇ ਸੂਬੇ ਤੋਂ ਆਏ ਵਿਅਤਕਤੀਆਂ ਲਈ ਵਿਸ਼ੇਸ਼ ਇਕਾਂਤਵਾਸ ਸੈਂਟਰਾਂ ਵਿੱਚ ਰਹਿਣ ਸਹਿਣ, ਖਾਣ-ਪੀਣ, ਮੈਡੀਕਲ ਜਾਂਚ ਅਤੇ ਸੈਂਪਲ ਇਕੱਤਰ ਕਰਨ ਦਾ ਪ੍ਰਬੰਧ ਵੀ ਕੀਤਾ ਗਿਆ ਹੈ।ਇਹਨਾਂ ਪ੍ਰਬੰਧਾਂ ਲਈ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਵੀ ਲਗਾਈ ਗਈ ਹੈ।ਕੋਵਿਡ-19 ਦੇ ਜ਼ਿਲਾ ਨੋਡਲ ਅਫਸਰ ਡਾ.ਮਨਜੀਤ ਕ੍ਰਿਸ਼ਨ ਭੱਲਾ ਨੇ ਇਕਾਂਤਵਾਸ ਵਿੱਚ ਰਹਿ ਰਹੇ ਵਿਅਕਤੀਆਂ ਨੂੰ ਇੱਕ ਦੂਸਰੇ ਦਾ ਸਮਾਨ ਜਾਂ ਕੋਈ ਵਸਤੂ ਸ਼ੇਅਰ ਨਾ ਕਰਨ ਦੀ ਹਦਾਇਤ ਕੀਤੀ ਉਨਾਂ ਜ਼ਿਲਾ ਨਿਵਾਸੀਆਂ ਨੂੰ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੁਆਰਾ ਜਾਰੀ ਹਦਾਇਤਾਂ ਅਤੇ ਸਾਵਧਾਨੀਆਂ ਦਾ ਪਾਲਣ ਕਰਨ ਦੀ ਅਪੀਲ ਵੀ ਕੀਤੀ।