ਮਾਰਸਿਲੇ, 10 ਅਪਰੈਲ
ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਡਰਮੈਨਿਨ ਨੇ ਅੱਜ ਕਿਹਾ ਕਿ ਬੰਦਰਗਾਹ ਸ਼ਹਿਰ ਮਾਰਸਿਲੇ ਵਿਚ ਇਕ ਧਮਾਕੇ ਤੋਂ ਬਾਅਦ ਪੰਜ ਮੰਜ਼ਿਲਾ ਇਮਾਰਤ ਡਿੱਗਣ ਨਾਲ 10 ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਲਬੇ ਵਿਚ ਅੱਗ ਲੱਗਣ ਕਾਰਨ ਬਚਾਅ ਕਾਰਜਾਂ ’ਚ ਮੁਸ਼ਕਲ ਆ ਰਹੀ ਹੈ। ਡਰਮੈਨਿਨ ਨੇ ਕਿਹਾ ਕਿ ਫ਼ਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਮਾਰਤ ਡਿੱਗਣ ਜਾਂ ਧਮਾਕੇ ਕਾਰਨ ਕਿੰਨੇ ਲੋਕ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਧਮਾਕੇ ਦੇ ਕਾਰਨਾਂ ਦਾ ਵੀ ਹਾਲੇ ਪਤਾ ਨਹੀਂ ਲੱਗਿਆ ਹੈ। ਮੰਤਰੀ ਨੇ ਘਟਨਾ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ 100 ਤੋਂ ਵੱਧ ਅੱਗ ਬੁਝਾਊ ਅਮਲਾ ਤੇ ਹੋਰ ਮਾਹਿਰ ਅੱਗ ਬੁਝਾਉਣ ਦੇ ਕੰਮ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਬਚਾਅ ਮੁਹਿੰਮ ਨੂੰ ਚਲਾਇਆ ਜਾ ਰਿਹਾ ਹੈ ਕਿ ਮਲਬੇ ਵਿਚ ਫਸੇ ਲੋਕਾਂ ਸਣੇ ਬਚਾਅ ਕਰਮੀਆਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ, ਨਾਲ ਹੀ ਆਸ-ਪਾਸ ਦੀਆਂ ਇਮਾਰਤਾਂ ਨੂੰ ਕੋਈ ਖ਼ਤਰਾ ਨਾ ਹੋਵੇ। ਆਲੇ-ਦੁਆਲੇ ਦੀਆਂ ਲਗਭਗ 30 ਇਮਾਰਤਾਂ ਨੂੰ ਖਾਲੀ ਕਰਾਇਆ ਗਿਆ ਹੈ। ਮੇਅਰ ਨੇ ਕਿਹਾ ਕਿ ਛੇ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਫਰਾਂਸ ਦੇ ਰਾਸ਼ਟਰਪਤੀ ਨੇ ਪ੍ਰਭਾਵਿਤ ਲੋਕਾਂ ਦੇ ਸਹੀ-ਸਲਾਮਤ ਹੋਣ ਦੀ ਕਾਮਨਾ ਕੀਤੀ ਹੈ।