ਮੁੰਬਈ:ਬੌਲੀਵੁੱਡ ਅਦਾਕਾਰ ਫਰਹਾਨ ਅਖ਼ਤਰ ਨੇ ਸੋਸ਼ਲ ਮੀਡੀਆ ’ਤੇ ਇਕ ਪੱਤਰ ਸਾਂਝਾ ਕਰਦਿਆਂ ਪੁਰਤਗਾਲ ਦੇ ਸਟਾਰ ਫੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ ਹਨ। ਅਦਾਕਾਰ-ਫ਼ਿਲਮ ਨਿਰਮਾਤਾ ਫਰਹਾਨ ਨੇ ਆਖਿਆ ਕਿ ਰੋਨਾਲਡੋ ਨੇ ਖੇਡ ਵਿੱਚ ਨਵੀਂ ਜਾਨ ਪਾਈ ਹੈ। ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਇਕ ਲੰਮੇ-ਚੌੜ੍ਹੇ ਪੱਤਰ ਵਿੱਚ ਅਦਾਕਾਰ ਨੇ ਰੋਨਾਲਡੋ ਅਤੇ ਉਸ ਦੇ ਕੰਮ ਦੀ ਸ਼ਲਾਘਾ ਕੀਤੀ ਹੈ। ਉਸ ਨੇ ਪੱਤਰ ਦੇ ਨਾਲ ਰੋਨਾਲਡੋ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਫਰਹਾਨ ਨੇ ਆਖਿਆ,‘‘ਰੋਨਾਲਡੋ ਨੇ ਖੇਡ ਵਿੱਚ ਨਵੀਂ ਰੂਹ ਫੂਕੀ ਹੈ। ਉਸ ਨੇ ਖੇਡ ਵਿੱਚ ਨਿਪੁੰਨਤਾ ਅਤੇ ਫਿਟਨੈੱਸ ਦਾ ਇਕ ਮਿਆਰ ਕਾਇਮ ਕੀਤਾ ਹੈ, ਜਿਸ ਦੀ ਜ਼ਿਆਦਾਤਰ ਖਿਡਾਰੀ ਮਹਿਜ਼ ਕਲਪਨਾ ਹੀ ਕਰ ਸਕਦੇ ਹਨ। ਅਸੀਂ ਕਿਸੇ ਦੀ ਦੇਣ ਨੂੰ ਪਲ ’ਚ ਭੁਲਾ ਦਿੰਦੇ ਹਾਂ। ਅਸੀਂ ਇਹ ਵੀ ਭੁੱਲ ਜਾਂਦੇ ਹਾਂ ਕਿ ਉਸ ਨੇ ਆਪਣੇ ਦ੍ਰਿੜ ਇਰਾਦੇ, ਬਲਿਦਾਨ ਅਤੇ ਸਖ਼ਤ ਮਿਹਨਤ ਨਾਲ ਖੇਡ ਨੂੰ ਕਿਸ ਮੁਕਾਮ ’ਤੇ ਪਹੁੰਚਾਇਆ ਹੈ ਜਦਕਿ ਉਹ ਆਪਣੇ ਮਕਸਦ ’ਚ ਲਗਾਤਾਰ ਅੱਗੇ ਵਧਦਾ ਹੈ। ਮੈਂ ਉਸ ਖਿਡਾਰੀ ਨੂੰ ਨਹੀਂ ਜਾਣਦਾ ਪਰ ਉਸ ਨੂੰ ਖੇਡਦਿਆਂ ਦੇਖ ਕੇ ਮੈਨੂੰ ਖੁਸ਼ੀ ਹੁੰਦੀ ਹੈ। ਭਾਵੇਂ ਉਹ ਮੇਰੀ ਪਸੰਦੀਦਾ ਟੀਮ ਖ਼ਿਲਾਫ਼ ਹੀ ਕਿਉਂ ਨਾ ਖੇਡ ਰਿਹਾ ਹੋਵੇ।’’