ਮੁੰਬਈ:ਫਿਲਮ ‘ਟਿਊਬਲਾਈਟ’ ਤੇ ‘ਜਮਾਈ 2.0’ ਨਾਲ ਚਰਚਾ ਵਿਚ ਆਏ ਅਦਾਕਾਰ ਕਰਨ ਮਾਨ ਦੀ ਕੁਝ ਸਮਾਂ ਪਹਿਲਾਂ ਵੈੱਬ ਸੀਰੀਜ਼ ‘ਫਰਜ਼ੀ’ ਰਿਲੀਜ਼ ਹੋਈ ਹੈ। ਕਰਨ ਮਾਨ ਨੇ ਦੱਸਿਆ ਕਿ ਇਸ ਵੈੱਬ ਸੀਰੀਜ਼ ਦੇ ਕਿਰਦਾਰ ਲਈ ਬੰਗਾਲੀ ਭਾਸ਼ਾ ਸਿੱਖਣ ਲਈ ਉਸ ਨੂੰ ਕਾਫੀ ਮਿਹਨਤ ਕਰਨੀ ਪਈ। ਇਸ ਸੀਰੀਜ਼ ਰਾਹੀਂ ਓਟੀਟੀ ਪਲੈਟਫਾਰਮ ’ਤੇ ਸ਼ਾਹਿਦ ਕਪੂਰ ਤੇ ਵਿਜੈ ਸੇਤੂਪਤੀ ਦੀ ਵੀ ਪਹਿਲੀ ਵਾਰ ਐਂਟਰੀ ਹੋਈ ਹੈ। ਕਰਨ ਮਾਨ ਇਸ ਸੀਰੀਜ਼ ਵਿਚ ਬੰਗਲਾਦੇਸ਼ੀ ਫੌਜ ਦੇ ਮੁਖੀ ਮੁਰਤਜ਼ਾ ਦਾ ਕਿਰਦਾਰ ਨਿਭਾ ਰਿਹਾ ਹੈ। ਉਸ ਨੇ ਦੱਸਿਆ ਕਿ ਜਦੋਂ ਉਸ ਨੂੰ ਇਸ ਕਿਰਦਾਰ ਲਈ ਪੇਸ਼ਕਸ਼ ਹੋਈ ਤਾਂ ਉਹ ਨਾਂਹ ਹੀ ਨਾ ਕਰ ਸਕਿਆ ਕਿਉਂਕਿ ਇਸ ਦੀ ਪਟਕਥਾ ਕਾਫੀ ਵਧੀਆ ਸੀ। ਕਰਨ ਨੂੰ ਇਸ ਸੀਰੀਜ਼ ਵਿਚਲੀ ਚੁਣੌਤੀ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਬੰਗਾਲੀ ਭਾਸ਼ਾ ਬੋਲਣ ਲਈ ਕਾਫੀ ਮਿਹਨਤ ਕਰਨੀ ਪਈ। ਉਹ ਇਸ ਲਈ ਦਿਨ ਵਿਚ ਕਈ-ਕਈ ਵਾਰ ਬੰਗਾਲੀ ਬੋਲਣ ਦਾ ਅਭਿਆਸ ਕਰਦਾ ਰਿਹਾ। ਇਸ ਨਵੀਂ ਭਾਸ਼ਾ ਨੂੰ ਸਿੱਖਣ ਤੋਂ ਬਾਅਦ ਉਸ ਨੂੰ ਸੀਰੀਜ਼ ਦੀ ਸ਼ੂਟਿੰਗ ਕਰ ਕੇ ਬਹੁਤ ਮਜ਼ਾ ਆਇਆ। ਇਹ ਵੀ ਦੱਸਣਾ ਬਣਦਾ ਹੈ ਕਿ ਇਸ ਵੇਲੇ ‘ਫਰਜ਼ੀ’ ਪ੍ਰਾਈਮ ਵੀਡੀਓਜ਼ ਦੀ ਟੌਪ ਦਸ ਦੀ ਸੂਚੀ ਵਿਚ ਸ਼ੁਮਾਰ ਹੋ ਚੁੱਕੀ ਹੈ।