ਪੱਟੀ, 10 ਦਸੰਬਰ
ਥਾਣਾ ਸਰਹਾਲੀ ’ਤੇ ਹਮਲੇ ਤੋਂ ਪਹਿਲਾਂ ਤਰਨਤਾਰਨ ਦੇ ਸੀਨੀਅਰ ਪੁਲੀਸ ਕਪਤਾਨ ਵੱਲੋਂ ਆਪਣੇ ਪੱਤਰ ਨੰਬਰ 61 -701-21 ਮਿਤੀ 15-10-2022 ਰਾਹੀਂ ਪੁਲੀਸ ਕਰਮਚਾਰੀਆਂ ਨੂੰ ਪੁਲੀਸ ਵਿਭਾਗ ਦੀਆਂ ਇਮਾਰਤਾਂ ਤੇ ਥਾਣਿਆਂ ’ਤੇ ਗੈਂਗਸਟਰਾਂ ਜਾਂ ਅਤਿਵਾਦੀਆਂ ਵੱਲੋਂ ਹਮਲਾ ਕਰਕੇ ਜਾਨੀ ਮਾਲੀ ਨੁਕਸਾਨ ਕੀਤੇ ਜਾਣ ਸਬੰਧੀ ਅਲਰਟ ਕਰ ਦਿੱਤਾ ਗਿਆ ਸੀ। ਸੀਨੀਅਰ ਪੁਲੀਸ ਕਪਤਾਨ ਤਰਨ ਤਾਰਨ ਵੱਲੋਂ ਜਾਰੀ ਕੀਤੇ ਪੱਤਰ ਦੀ ਕਾਪੀ ਥਾਣਾ ਸਰਹਾਲੀ ਦੇ ਕੰਧ ’ਤੇ ਚਪਕਾਈ ਗਈ ਸੀ ਪਰ ਅੱਜ ਦੀ ਘਟਨਾ ਤੋਂ ਬਾਅਦ ਮੀਡੀਆ ਵੱਲੋਂ ਉਸ ਪੱਤਰ ਦੀਆਂ ਫੋਟੋਆ ਖਿੱਚੀਆਂ ਗਈਆਂ ਤਾਂ ਪੁਲੀਸ ਵੱਲੋਂ ਪੱਤਰ ਪਾੜ ਦਿੱਤਾ ਗਿਆ। ਲੋਕਾਂ ਨੇ ਕਿਹਾ ਕਿ ਨੈਸ਼ਨਲ ਹਾਈਵੇ ਤੋਂ ਮਹਿਜ਼ 10 ਗਜ਼ ਦੀ ਦੂਰੀ ਤੋਂ ਥਾਣੇ ਉਪਰ ਹਮਲਾ ਹੋਇਆ ਹੈ ਤੇ ਜੇ ਪੁਲੀਸ ਕਰਮਚਾਰੀ ਤੇ ਅਧਿਕਾਰੀ ਮੁਸਤੈਦ ਹੁੰਦੇ ਤਾਂ ਪੁਲੀਸ ਵੱਲੋਂ ਜਵਾਬੀ ਕਾਰਵਾਈ ਕੀਤੀ ਜਾ ਸਕਦੀ ਸੀ।