ਬਠਿੰਡਾ, ਬਰਗਾੜੀ ਇਨਸਾਫ਼ ਮੋਰਚਾ ਹੁਣ ਪੰਥਕ ਧਿਰਾਂ ਨੇ ਸਮਾਪਤੀ ਦੇ ਰਾਹ ਪਾ ਲਿਆ ਹੈ, ਜੋ ਕੈਪਟਨ ਹਕੂਮਤ ਲਈ ਰਾਹਤ ਭਰੀ ਖ਼ਬਰ ਹੈ। ਪਹਿਲੀ ਜੂਨ 2018 ਤੋਂ ਸ਼ੁਰੂ ਹੋਇਆ ਇਨਸਾਫ਼ ਮੋਰਚਾ ਪੂਰੇ ਸੌ ਦਿਨਾਂ ਨੂੰ ਪਾਰ ਕਰ ਚੁੱਕਾ ਹੈ। ਆਖ਼ਰ ਹੁਣ ਪੰਥਕ ਆਗੂਆਂ ਨੇ ਇਸ ਨੂੰ ਸਮਾਪਤ ਕਰਨ ਦਾ ਫ਼ੈਸਲਾ ਕਰ ਲਿਆ ਹੈ। ਇੱਕ ਦੋ ਦਿਨਾਂ ਵਿੱਚ ਬਰਗਾੜੀ ਮੋਰਚੇ ਦੀ ਸਮਾਪਤੀ ਦਾ ਐਲਾਨ ਹੋ ਸਕਦਾ ਹੈ। ਮੁਤਵਾਜ਼ੀ ਜਥੇਦਾਰ ਅਤੇ ਪੰਥਕ ਆਗੂ ਮੋਰਚਾ ਸਮਾਪਤੀ ਲਈ ਸਹਿਮਤ ਹੋ ਗਏ ਹਨ। ਹਾਲਾਂਕਿ ਬਰਗਾੜੀ ਇਨਸਾਫ਼ ਮੋਰਚੇ ਦੀਆਂ ਮੰਗਾਂ ਓਵੇਂ ਹੀ ਖੜ੍ਹੀਆਂ ਹਨ। ਪੰਥਕ ਆਗੂਆਂ ਨੇ ਅੱਜ ਦੇਰ ਸ਼ਾਮ ਬਰਗਾੜੀ ਵਿੱਚ ਮੋਰਚਾ ਸਮਾਪਤ ਕਰਨ ਲਈ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨਾਲ ਲੰਮੀ ਮੁਲਾਕਾਤ ਕੀਤੀ।
ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਅਜਨਾਲਾ, ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਬਠਿੰਡਾ, ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਮਾਨ ਦਲ ਦੇ ਸੀਨੀਅਰ ਆਗੂ ਜਸਕਰਨ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਪਰਮਿੰਦਰ ਬਾਲਿਆਂ ਵਾਲੀ ਨੇ ਅੱਜ ਬਠਿੰਡਾ ਵਿੱਚ ਬਰਗਾੜੀ ਮੋਰਚੇ ਨੂੰ ਸਮਾਪਤੀ ਵੱਲ ਵਧਾਉਣ ਬਾਰੇ ਦੱਸਿਆ। ਸਿਮਰਨਜੀਤ ਸਿੰਘ ਮਾਨ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਬਰਗਾੜੀ ਮੋਰਚਾ ਜਿਹੜੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਹੋਇਆ ਸੀ, ਉਹ ਤਕਰੀਬਨ ਪੂਰੀਆਂ ਹੋ ਗਈਆਂ ਹਨ, ਜਿਸ ਕਰਕੇ ਸਭ ਪੰਥਕ ਆਗੂ ਹੁਣ ਧਿਆਨ ਸਿੰਘ ਮੰਡ ਨੂੰ ਮੋਰਚਾ ਸਮਾਪਤ ਕਰਨ ਦੀ ਅਪੀਲ ਕਰਨਗੇ। ਸਿਮਰਨਜੀਤ ਮਾਨ ਨੇ ਦੱਸਿਆ ਕਿ ਬਰਗਾੜੀ ਕਾਂਡ ਦੇ ਸਭ ਮੁਲਜ਼ਮ ਫੜੇ ਜਾ ਚੁੱਕੇ ਹਨ ਅਤੇ ਗੋਲੀ ਕਾਂਡ ਦੇ ਦੋਸ਼ੀ ਪੁਲੀਸ ਅਫ਼ਸਰਾਂ ਨੂੰ ਕੇਸ ਵਿੱਚ ਨਾਮਜ਼ਦ ਕਰ ਦਿੱਤਾ ਗਿਆ ਹੈ। ਸਿੱਖ ਬੰਦੀਆਂ ਦੀ ਰਿਹਾਈ ਲਈ ਰਾਜਪਾਲ ਅਤੇ ਰਾਸ਼ਟਰਪਤੀ ਨੂੰ ਧਾਰਾ 161 ਤਹਿਤ ਮੁਆਫ਼ੀ ਲਈ ਅਪੀਲ ਕੀਤੀ ਜਾਵੇਗੀ।
ਰਾਜ ਸਰਕਾਰਾਂ ਨੂੰ ਇਹ ਮੁਆਫ਼ੀ ਦਾ ਕੇਸ ਬਣਾ ਕੇ ਭੇਜਣ ਲਈ ਆਖਿਆ ਜਾਵੇਗਾ। ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅਗਰ ਧਾਰਾ 161 ਸੰਭਵ ਨਾ ਹੋ ਸਕਿਆ, ਤਾਂ ਉਹ ਪੈਰੋਲ ’ਤੇ ਰਿਹਾਈ ਦੀ ਮੰਗ ਕਰਨਗੇ। ਆਗੂਆਂ ਨੇ ਦੱਸਿਆ ਕਿ ਜਦੋਂ ਸਰਕਾਰ ਨੇ ਮੰਗਾਂ ਮੰਨ ਲਈਆਂ ਹਨ, ਤਾਂ ਮੋਰਚਾ ਜਾਰੀ ਰੱਖਣ ਦੀ ਕੋਈ ਤੁਕ ਨਹੀਂ ਰਹਿ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਹ ਪੰਥਕ ਆਗੂਆਂ ਦੇ ਫ਼ੈਸਲੇ ਤੋਂ ਇਨਸਾਫ਼ ਮੋਰਚਾ ਲਾਉਣ ਵਾਲੇ ਧਿਆਨ ਸਿੰਘ ਮੰਡ ਨੂੰ ਜਾਣੂ ਕਰਾਉਣਗੇ ਅਤੇ ਮੋਰਚਾ ਸਮਾਪਤ ਕੀਤੇ ਜਾਣ ਦੀ ਅਪੀਲ ਕੀਤੀ ਜਾਵੇਗੀ।
ਸੂਤਰ ਆਖਦੇ ਹਨ ਕਿ ਹੁਣ ਗੇਂਦ ਮੰਡ ਦੇ ਪਾਲੇ ਵਿੱਚ ਹੈ। ਸੂਤਰ ਆਖਦੇ ਹਨ ਕਿ ਬਰਗਾੜੀ ਇਨਸਾਫ਼ ਮੋਰਚਾ ਦੀ ਪਹਿਲੀ ਮੰਗ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਫੜਨ ਦੀ ਸੀ ਪਰ ‘ਸਿੱਟ’ ਵੱਲੋਂ 10 ਡੇਰਾ ਪੈਰੋਕਾਰਾਂ ਨੂੰ ਕਾਂਡ ਲਈ ਜ਼ਿੰਮੇਵਾਰ ਦੱਸਿਆ ਗਿਆ ਹੈ, ਉਨ੍ਹਾਂ ਦੀ ਬਾਜਾਖਾਨਾ ਥਾਣੇ ਵਿੱਚ ਦਰਜ ਪੁਲੀਸ ਕੇਸਾਂ ’ਚੋਂ ਕਿਸੇ ਵਿੱਚ ਹਾਲੇ ਤੱਕ ਨਾਮਜ਼ਦਗੀ ਨਹੀਂ ਪਈ ਹੈ। ਪੰਥਕ ਆਗੂਆਂ ਨੇ ਤਸੱਲੀ ਜ਼ਾਹਿਰ ਕਰ ਦਿੱਤੀ ਹੈ। ਦੂਜੇ ਪਾਸੇ ਜੇਲ੍ਹਾਂ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦਾ ਕੋਈ ਠੋਸ ਫ਼ੈਸਲਾ ਨਹੀਂ ਹੋਇਆ ਹੈ। ਪੰਥਕ ਆਗੂਆਂ ਵੱਲੋਂ ਅਚਨਚੇਤ ਮੋਰਚਾ ਸਮਾਪਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਪੰਥਕ ਆਗੂ ਆਖਦੇ ਹਨ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨਾਲ ਸਿੱਖ ਮਸਲੇ ਹੱਲ ਹੋਏ ਹਨ। ਸ੍ਰੀ ਮਾਨ ਨੇ ਆਖਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਜਾਣ ਬੁੱਝ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ ਅਤੇ ਦੋਗਲੀ ਬਿਆਨਬਾਜ਼ੀ ਕਰ ਰਹੇ ਹਨ। ਹਿੰਦੂਆਂ ਨੂੰ ਖ਼ੁਸ਼ ਕਰਨ ਦੇ ਚੱਕਰ ਵਿੱਚ ਸਿੱਖਾਂ ’ਤੇ ਜ਼ੁਲਮ ਕਰ ਰਹੇ ਹਨ। ਮਾਨ ਨੇ ਆਖਿਆ ਕਿ ਬਲਵਿੰਦਰ ਭੂੰਦੜ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ‘ਬਾਦਸ਼ਾਹ ਦਰਵੇਸ਼’ ਕਹਿਣਾ ਨਿੰਦਣਯੋਗ ਹੈ ਅਤੇ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਦਲ ਖ਼ਾਲਸਾ ਦੇ ਸੀਨੀਅਰ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਜੇਲ੍ਹਾਂ ਵਿੱਚ ਬੰਦ 22 ਸਿੱਖ ਬੰਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਜਿਨ੍ਹਾਂ ’ਚੋਂ 22 ਪੰਜਾਬ ਦੀਆਂ ਜੇਲ੍ਹਾਂ ਵਿੱਚ ਅਤੇ 4 ਯੂਪੀ ਦੀਆਂ ਜੇਲ੍ਹਾਂ ਵਿੱਚ ਬੰਦ ਹਨ।