ਅੰਮ੍ਰਿਤਸਰ, ਵੱਖ-ਵੱਖ ਪੰਥਕ ਜਥੇਬੰਦੀਆਂ ਵਲੋਂ ਸਿੱਖ ਮਸਲਿਆਂ ’ਤੇ ਖਾਸ ਕਰਕੇ ਬਰਗਾੜੀ ਬੇਅਦਬੀ ਕਾਂਡ ਬਾਰੇ ਵਿਚਾਰ ਕਰਨ ਅਤੇ ਵਿਦਵਾਨਾਂ ਦੇ ਸੁਝਾਅ ਲੈਣ ਲਈ ਕਾਇਮ ਕੀਤੀ ਪੰਥਕ ਅਸੈਂਬਲੀ ਦੇ ਅੱਜ ਸ਼ੁਰੂ ਹੋਏ ਦੋ ਰੋਜ਼ਾ ਇਜਲਾਸ ਦੇ ਪਹਿਲੇ ਦਿਨ ਜਿਥੇ ਵਿਦਵਾਨਾਂ ਨੇ ਸਿੱਖੀ ਨੂੰ ਖੋਰਾ ਲਾਉਣ ਲਈ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ, ਉਥੇ ਸਿੱਖਾਂ ਨੂੰ ਆਪਸ ਵਿਚ ਲੜਾਉਣ ਦੇ ਦੋਸ਼ ਵੀ ਲਾਏ।
ਪੰਥਕ ਅਸੈਂਬਲੀ ਲਈ ਵਿਧਾਨ ਸਭਾ ਵਾਂਗ 117 ਮੈਂਬਰ ਨਾਮਜ਼ਦ ਕੀਤੇ ਗਏ ਹਨ। ਵਿਧਾਨ ਸਭਾ ਵਾਂਗ ਹੀ ਤਿਕੋਣੇ ਰੂਪ ਵਿਚ ਤਿੰਨ ਲਾਈਨਾਂ ਬਣਾ ਕੇ ਮੈਂਬਰਾਂ ਲਈ ਕੁਰਸੀਆਂ ਲਾਈਆਂ ਗਈਆਂ ਸਨ। ਵਿਧਾਨ ਸਭਾ ਵਾਂਗ ਹੀ ਸਾਹਮਣੇ ਸਪੀਕਰ ਦੀ ਕੁਰਸੀ-ਟੇਬਲ ਲਾਇਆ ਗਿਆ ਹੈ। ਹਾਲ ਵਿਚ ਵਿਜ਼ਟਰ ਗੈਲਰੀ ਵੀ ਬਣਾਈ ਗਈ ਹੈ। ਸਪੀਕਰ ਵਾਰੀ-ਵਾਰੀ ਮੈਂਬਰਾਂ ਨੂੰ ਬੋਲਣ ਲਈ ਸੱਦਾ ਦਿੰਦਾ ਸੀ ਤੇ ਨਾਲ ਹੀ ਇਹ ਵੀ ਦੱਸਦਾ ਸੀ ਕਿ ਉਹ 10 ਮਿੰਟਾਂ ਵਿਚ ਆਪਣੇ ਵਿਚਾਰ ਰੱਖਣ। ਪੰਥਕ ਅਸੈਂਬਲੀ ਦੇ ਇਜਲਾਸ ਵਿਚ ਕੋਈ ਸ਼ੋਰ-ਸ਼ਰਾਬਾ ਨਹੀਂ ਸੀ।
ਪੰਥਕ ਅਸੈਂਬਲੀ ਦਾ ਸਪੀਕਰ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਐਡਵੋਕੇਟ ਸੁਖਦੇਵ ਸਿੰਘ ਭੌਰ ਨੂੰ ਨਾਮਜ਼ਦ ਕੀਤਾ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਬੇਅਦਬੀ ਬਾਰੇ ਜਿਨ੍ਹਾਂ ਨੇ ਕਮਿਸ਼ਨ ਬਣਾਏ, ਉਨ੍ਹਾਂ ਨੇ ਹੀ ਰਿਪੋਰਟਾਂ ਰੋਲ ਦਿੱਤੀਆਂ ਕਿਉਂਕਿ ਕਮਿਸ਼ਨ ਕਾਇਮ ਕਰਨ ਵਾਲਿਆਂ ਦੀ ਭਾਵਨਾ ਸਹੀ ਨਹੀਂ ਸੀ ਅਤੇ ਇਸ ਕਰਕੇ ਰਿਪੋਰਟਾਂ ਲਾਗੂ ਨਹੀਂ ਹੋਈਆਂ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਸਭ ਤੋਂ ਵੱਡਾ ਨੁਕਸਾਨ ਕੌਮ ਦਾ ਇਹ ਕੀਤਾ ਕਿ ਉਨ੍ਹਾਂ ਸਿੱਖਾਂ ਦੀ ਸੋਚ ਵਿੱਚੋਂ ਪੰਥ ਮਨਫ਼ੀ ਕਰ ਦਿੱਤਾ। ਉਨ੍ਹਾਂ ਸੁਝਾਅ ਦਿੱਤਾ ਕਿ ਸਿੱਖ ਮਸਲਿਆਂ ਨੂੰ ਵਿਚਾਰਨ ਅਤੇ ਹੱਲ ਲਈ ਪੰਥਕ ਅਸੈਂਬਲੀ ਨੂੰ ਸਥਾਈ ਬਣਾਇਆ ਜਾਵੇ।
ਐਡਵੋਕੇਟ ਨਵਕਿਰਨ ਸਿੰਘ ਨੇ ਬਾਦਲ ਪਰਿਵਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸਿੱਖੀ ਨੂੰ ਖੋਰਾ ਅਕਾਲੀਆਂ ਨੇ ਲਾਇਆ ਹੈ। ਉਨ੍ਹਾਂ ਕਿਹਾ ਕਿ ਸਿੱਖ ਆਪਣੀ ਅਕਲ ਦੇ ਆਪ ਵੈਰੀ ਹਨ, ਜਿਹੜੇ ਬ੍ਰਾਹਮਣਵਾਦ, ਜਾਤਾਂ-ਪਾਤਾਂ ਦਾ ਸ਼ਿਕਾਰ ਹੋ ਕੇ ਸਿੱਖੀ ਨੂੰ ਤਿਲਾਂਜਲੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਆਰਐੱਸਐੱਸ ਨੂੰ ਦੋਸ਼ ਨਾ ਦਿਉ ਸਗੋਂ ਆਪਣੇ ਆਪ ਨੂੰ ਸਿੱਖੀ ਵਿਚ ਪਰਿਪੱਕ ਰੱਖੋ।
ਐਡਵੋਕੇਟ ਨਵਜੋਤ ਕੌਰ ਚੱਬਾ ਨੇ ਕਿਹਾ ਕਿ ਪੰਥਕ ਸੰਸਥਾਵਾਂ ਨੇ ਸਿੱਖ ਕੌਮ ਲਈ ਜੋ ਜ਼ਿੰਮੇਵਾਰੀ ਨਿਭਾਉਣੀ ਸੀ, ਉਹ ਨਹੀਂ ਨਿਭਾਈ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਵੋਟਾਂ ਦੀ ਰਾਜਨੀਤੀ ਨਾਲ ਸਿੱਖਾਂ ਨੂੰ ਸਿੱਖਾਂ ਨਾਲ ਲੜਾਇਆ। ਉਨ੍ਹਾਂ ਇਹ ਸੁਝਾਅ ਦਿੱਤਾ ਕਿ ਪੰਜ ਤਖ਼ਤਾਂ ਦੇ ਜਥੇਦਾਰਾਂ ਨਾਲ ਇਕ ਜਿਊਰੀ ਲਾਈ ਜਾਵੇ, ਜਿਹੜੀ ਹਰੇਕ ਮਸਲੇ ਨੂੰ ਵਿਚਾਰ ਕੇ ਜਥੇਦਾਰਾਂ ਨੂੰ ਫੈਸਲੇ ਲੈਣ ਲਈ ਸਲਾਹ ਦੇਵੇ।
ਭਾਈ ਨਰਾਇਣ ਸਿੰਘ ਨੇ ਕਿਹਾ ਕਿ ਮੁੱਖ ਮੁੱਦਾ ਇਹ ਹੋਵੇ ਕਿ ਬੇਅਦਬੀ ਦੀਆਂ ਵਾਰਦਾਤਾਂ ਕਿਸਨੇ ਤੇ ਕਿਉਂ ਕੀਤੀਆਂ ਅਤੇ ਕਿਉਂ ਕਰਵਾਈਆਂ, ਬਾਰੇ ਨਿੱਠ ਕੇ ਵਿਚਾਰ ਹੋਵੇ। ਇਸ ਮੌਕੇ ਹੋਰ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਅੱਜ ਦੀ ਪੰਥਕ ਅਸੈਂਬਲੀ ਦੇ ਇਜਲਾਸ ਵਿਚ 94 ਮੈਂਬਰ ਪੁੱਜੇ ਸਨ। ਪ੍ਰਬੰਧਕਾਂ ਦਾ ਕਹਿਣਾ ਸੀ ਕਿ ਭਲਕੇ ਦੇ ਇਜਲਾਸ ਵਿਚ ਬਾਕੀ ਮੈਂਬਰ ਵੀ ਸ਼ਮੂਲੀਅਤ ਕਰਨਗੇ।