ਅਹਿਮਦਾਬਾਦ:ਰਿਸ਼ਭ ਪੰਤ ਤੇ ਵਾਸ਼ਿੰਗਟਨ ਸੁੰਦਰ ਵਿਚਾਲੇ ਸੌ ਦੌੜਾਂ ਦੀ ਸਾਂਝੇਦਾਰੀ ਅਤੇ ਪੰਤ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਸ਼ੁਰੂਆਤ ਵਿੱਚ ਜੂਝਣ ਮਗਰੋਂ ਚੌਥੇ ਤੇ ਆਖ਼ਰੀ ਟੈਸਟ ਮੈਚ ਵਿੱਚ ਆਪਣਾ ਪੱਲੜਾ ਭਾਰੀ ਕਰ ਲਿਆ। ਪੰਤ ਨੇ 101 ਦੌੜਾਂ ਬਣਾਈਆਂ ਤੇ ਸੁੰਦਰ (ਨਾਬਾਦ 60) ਨਾਲ ਸੱਤਵੀਂ ਵਿਕਟ ਲਈ 113 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਭਾਰਤ ਨੇ ਦੂਜੇ ਦਿਨ ਦੀ ਖੇਡ ਸਮਾਪਤ ਹੋਣ ਤੱਕ 7 ਵਿਕਟਾਂ ਦੇ ਨੁਕਸਾਨ ’ਤੇ 294 ਦੌੜਾਂ ਬਣਾਈਆਂ। ਇਨ੍ਹਾਂ ਦੋਹਾਂ ਦੀ ਸਾਂਝੇਦਾਰੀ ਤੋਂ ਪਹਿਲਾਂ ਭਾਰਤ ਇਕ ਸਮੇਂ ਇੰਗਲੈਂਡ ਦੀ ਪਹਿਲੀ ਪਾਰੀ ਦੀਆਂ 205 ਦੌੜਾਂ ਦੇ ਟੀਚੇ ਤੱਕ ਪਹੁੰਚਣ ਲਈ ਵੀ ਜੂਝ ਰਿਹਾ ਸੀ, ਪਰ ਹੁਣ ਭਾਰਤ ਮੋਟੇਰਾ ਦੇ ਨਰਿੰਦਰ ਮੋਦੀ ਸਟੇਡੀਅਮ ਦੀ ਪਿਚ ’ਤੇ 89 ਦੌੜਾਂ ਦੀ ਚੜ੍ਹਤ ਨਾਲ ਮਜ਼ਬੂਤ ਸਥਿਤੀ ਵਿੱਚ ਪੁੱਜ ਗਿਆ ਹੈ।