ਚੰਡੀਗੜ, 30 ਜੁਲਾਈ: ਪੰਜਾਬ ਸਰਕਾਰ ਵੱਲੋਂ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ (ਸੀ.ਆਈ.ਆਈ) ਨਾਲ ਭਾਈਵਾਲੀ ਕਰਕੇ 16 ਤੋਂ 22 ਅਕਤੂਬਰ ਤੱਕ ਵਰਚੁਅਲ ਐਗਰੀਟੈਕ ਕਨਕਲੇਵ ਕਰਵਾਈ ਜਾਵੇਗੀ। ਇਹ ਜਾਣਕਾਰੀ ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ।

ਮੁੱਖ ਮੰਤਰੀ, 2020-21 ਲਈ ਸੀ.ਆਈ.ਆਈ ਦੇ ਨਵੇਂ ਅਹੁਦੇਦਾਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰ ਰਹੇ ਸਨ। ਗੱਲਬਾਤ ਦੌਰਾਨ ਸੀ.ਆਈ.ਆਈ ਵੱਲੋਂ ਪੰਜਾਬ ਸਰਕਾਰ ਤੋਂ ਸਹਿਯੋਗ ਅਤੇ ਭਾਈਵਾਲੀ ਦੀ ਇੱਛਾ ਜਤਾਈ ਗਈ ਜਿਸ ਪ੍ਰਤੀ ਮੁੱਖ ਮੰਤਰੀ ਨੇ ਹਾਮੀ ਭਰ ਦਿੱਤੀ।

ਸੀ.ਆਈ.ਆਈ ਨੇ ਪੰਜਾਬ ਸਰਕਾਰ ਨੂੰ ਹੁਨਰ ਵਿਕਾਸ, ਵਪਾਰ ਕਰਨ ਵਿਚ ਸਹੂਲਤ, ਪਾਣੀ ਬਚਾਉਣ ਅਤੇ ਗੈਰ-ਅਹਿਮੀਅਤ ਵਾਲੀ ਸੰਪਤੀ ਦੇ ਅਪਨਿਵੇਸ਼ ਦੇ ਖੇਤਰਾਂ ਵਿੱਚ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ। ਹੁਨਰ ਵਿਕਾਸ ਦੇ ਖੇਤਰ ਵਿਚ ਇਸ ਵੱਲੋਂ ਮਾਡਲ ਕੈਰੀਅਰ ਸੈਂਟਰਾਂ ਦੀ ਤਜਵੀਜ਼ ਪੇਸ਼ ਕੀਤੀ ਗਈ ਜਿਸ ਲਈ ਸੂਬਾ ਸਰਕਾਰ ਵੱਲੋਂ ਇਮਾਰਤ ਮੁਹੱਈਆ ਕਰਵਾਈ ਜਾਵੇਗੀ ਅਤੇ ਸੰਚਾਲਣ ਦਾ ਕੰਮ ਸੀ.ਆਈ.ਆਈ ਵੱਲੋਂ ਸੰਭਾਲਿਆ ਜਾਵੇਗਾ। ਮੁੱਖ ਮੰਤਰੀ ਵੱਲੋਂ ਇਸ ਸੁਝਾਅ ਬਾਰੇ ਵਿਸਥਾਰਪੂਰਵਕ ਚਰਚਾ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ।

ਸੀ.ਆਈ.ਆਈ ਵੱਲੋਂ ਕੋਵਿਡ ਦੇ ਔਖੇ ਸਮੇਂ ਦੌਰਾਨ ਉਦਯੋਗ ਜਗਤ ਅਤੇ ਅਰਥਚਾਰੇ ਦੀ ਬਾਂਹ ਫੜਨ ਲਈ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ ਗਿਆ। ਸੀ.ਆਈ.ਆਈ ਦੇ ਅਹੁਦੇਦਾਰਾਂ ਵੱਲੋਂ ਉਦਯੋਗ ਜਗਤ ਦੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਸਹਾਈ ਹੋਏ ਸੂਬਾ ਸਰਕਾਰ ਦੇ ਠੀਕ ਸਮੇਂ ਲਏ ਫੈਸਲਿਆਂ ਦੀ ਵੀ ਭਰਪੂਰ ਸ਼ਲਾਘਾ ਕੀਤੀ। ਉਨਾਂ ਵੱਲੋਂ ਜੀ.ਐਮ.ਡੀ.ਆਈ.ਸੀ ਨੂੰ ਉਦਯੋਗਾਂ ਦੇ ਠੀਕ ਢੰਗ ਨਾਲ ਆਪਣੀਆਂ ਗਤੀਵਿਧੀਆਂ ਚਲਾਉਣ ਲਈ ਜਟਿਲ ਮਨਜ਼ੂਰੀ ਪ੍ਰਿਆਵਾਂ ਤੋਂ ਰਾਹਤ ਦੇਣ ਸਬੰਧੀ ਅਧਿਕਾਰਤ ਕਰਨ ਲਈ ਵੀ ਮੁੱਖ ਮੰਤਰੀ ਦੀ ਭਰਵੀਂ ਸ਼ਲਾਘਾ ਕੀਤੀ ਗਈ।

ਮੁੱਖ ਮੰਤਰੀ ਨੇ ਇਸ ਮੌਕੇ ਦੱਸਿਆ ਕਿ ਸੂਬੇ ਵਿਚਲੀਆਂ 2.6 ਲੱਖ ਇਕਾਈਆਂ ਵਿਚੋਂ 2.34 ਲੱਖ ਪਹਿਲਾਂ ਹੀ ਚਾਲੂ ਹਨ। ਉਨਾਂ ਇਸ ਗੱਲ ਉੱਤੇ ਵੀ ਖੁਸ਼ੀ ਜ਼ਾਹਰ ਕੀਤੀ ਕਿ ਪੂਰੇ ਦੇਸ਼ ਵਿਚ ਤਾਮਿਲਨਾਡੂ ਤੋਂ ਬਾਅਦ ਪੀ.ਪੀ.ਈ ਕਿੱਟਾਂ ਦੇ ਦੂਜੇ ਸਭ ਤੋਂ ਵੱਡੇ ਉਤਪਾਦਕ ਵਜੋਂ ਪੰਜਾਬ ਉੱਭਰ ਕੇ ਸਾਹਮਣੇ ਆਇਆ ਹੈ।

ਪੰਜਾਬ ਵਾਪਸੀ ਲਈ ਪ੍ਰਵਾਸੀ ਮਜ਼ਦੂਰਾਂ ਤੋਂ ਬੱਸਾਂ ਦੇ ਵਸੂਲੀਆਂ ਜਾ ਰਹੀਆਂ ਕਿਰਾਏ ਦੀਆਂ ਉੱਚੀਆਂ ਦਰਾਂ ਦੀਆਂ ਰਿਪੋਰਟਾਂ ਉੱਤੇ ਚਿੰਤਾ ਜ਼ਾਹਰ ਕਰਦੇ ਹੋਏ ਸੀ.ਆਈ.ਆਈ ਵਫਦ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਬੁਲਾਉਣ ਲਈ ਹੋਰ ਰੇਲ ਗੱਡੀਆਂ ਚਲਾਉਣ ਦੇ ਮਸਲੇ ਬਾਬਤ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ।

ਇਸ ਮੀਟਿੰਗ ਵਿਚ ਪ੍ਰਮੁੱਖ ਸਕੱਤਰ ਉਦਯੋਗ ਆਲੋਕ ਸ਼ੇਖਰ, ਸਲਾਹਕਾਰ ਨਿਵੇਸ਼ ਪ੍ਰੋਤਸਾਹਨ ਬੀ.ਐਸ. ਕੋਹਲੀ, ਸੀ.ਈ.ਓ ਇਨਵੈਸਟ ਪੰਜਾਬ ਰਜਤ ਅਗਰਵਾਲ, ਚੇਅਰਮੈਨ ਸੀ.ਆਈ.ਆਈ ਉੱਤਰੀ ਖੇਤਰ ਨਿਖਿਲ ਸਾਹਨੀ, ਚੇਅਰਮੈਨ ਸੀ.ਆਈ.ਆਈ ਪੰਜਾਬ ਸਟੇਟ ਕੌਂਸਲ ਰਾਹੁਲ ਅਹੁਜਾ ਅਤੇ ਵਾਈਸ ਚੇਅਰਮੈਨ ਸੀ.ਆਈ.ਆਈ ਪੰਜਾਬ ਸਟੇਟ ਕੌਂਸਲ ਭਵਦੀਪ ਸਰਦਾਨਾ ਨੇ ਵੀ ਭਾਗ ਲਿਆ।