ਕਪੂਰਥਲਾ, 17 ਅਕਤੂਬਰ :

ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ, ਕਿਉਂ ਜੋ ਇਹ ਮੌਕੇ ਸਾਡੀ ਜ਼ਿੰਦਗੀ ਵਿਚ ਇਕ ਵਾਰ ਹੀ ਮਿਲਿਆ ਹੈ।

ਅੱਜ ਇਥੇ ਵਿਧਾਇਕ ਸ. ਨਵਤੇਜ ਸਿੰਘ ਚੀਮਾ, ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ, ਡਾਇਰੈਕਟਰ ਸੈਰ-ਸਪਾਟਾ ਸ. ਐਮ. ਐਸ ਜੱਗੀ ਦੇ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਪਿੱਛੋਂ ਮੁੱਖ ਸਮਾਗਮਾਂ ਲਈ ਤਿਆਰ ਕੀਤੇ ਜਾ ਰਹੇ ਪੰਡਾਲ ਅਤੇ ਮਾਛੀਜੋਆ ਨੇੜੇ ਬਣਾਈ ਗਈ ਟੈਂਟ ਸਿਟੀ ਦਾ ਦੌਰਾ ਕਰਨ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਤਿਹਾਸਕ ਨਗਰੀ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜ 22 ਅਕਤੂਬਰ ਤੱਕ ਮੁਕੰਮਲ ਕਰਕੇ ਉਨਾਂ ਦਾ ਅੰਤਿਮ ਟ੍ਰਾਇਲ ਵੀ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 400 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਪ੍ਰਾਜੈਕਟਾਂ ਦਾ ਲੋਕ ਅਰਪਣ 23 ਅਕਤੂਬਰ ਨੂੰ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਸੁਲਤਾਨਪੁਰ ਲੋਧੀ ਤੋਂ ਡੇਰਾ ਬਾਬਾ ਨਾਨਕ ਵਾਇਆ ਸੁਭਾਨਪੁਰ-ਬਿਆਸ-ਚੌਕ ਮਹਿਤਾ-ਬਟਾਲਾ ਸੜਕ ਦਾ ਨਾਮਕਰਨ ‘ਗੁਰੂ ਨਾਨਕ ਮਾਰਗ’ ਵਜੋਂ ਕਰਨ ਦੀ ਰਸਮ ਵੀ ਅਦਾ ਕੀਤੀ ਜਾਵੇਗੀ। ਗੁਰੂ ਸਾਹਿਬ ਨਾਲ ਸਬੰਧਤ ਦੋਵਾਂ ਇਤਿਹਾਸਕ ਨਗਰਾਂ ਨੂੰ ਜੋੜਨ ਵਾਲੀ ਇਸ ਸੜਕ ਨੂੰ 33 ਫੁੱਟ ਚੌੜਾ ਕੀਤਾ ਜਾਵੇਗਾ।

ਉਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਤਾਬਦੀ ਸਮਾਗਮਾਂ ਲਈ ਲਾਮਿਸਾਲ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਉਹ ਪ੍ਰਬੰਧਾਂ ਦੀ ਨਿੱਜੀ ਤੌਰ ’ਤੇ ਨਿਗਰਾਨੀ ਵੀ ਇਥੇ ਰਹਿ ਕੇ ਖ਼ੁਦ ਕਰਨਗੇ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬ ਦੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਅਨੁਸਾਰ ਜਿਥੇ ਵਿਸ਼ਵ ਭਰ ਵਿਚੋਂ ਧਾਰਮਿਕ ਤੇ ਰਾਜਨੀਤਿਕ ਸ਼ਖਸੀਅਤਾਂ ਨੂੰ ਸੱਦਾ ਭੇਜਿਆ ਗਿਆ ਹੈ, ਉਥੇ ਹੀ ਅਨੇਕਾਂ ਮੁਲਕਾਂ ਦੇ ਰਾਜਦੂਤ ਵੀ ਮੁੱਖ ਸਮਾਗਮਾਂ ਦੌਰਾਨ ਸ਼ਿਰਕਤ ਕਰਨਗੇ।

ਇਸ ਮੌਕੇ ਵਿਧਾਇਕ ਸ. ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਜਿਨਾਂ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਜਾਣਾ ਹੈ, ਉਨਾਂ ਵਿਚ ਬੱਸ ਸਟੈਂਡ, ਤਲਵੰਡੀ ਚੌਧਰੀਆਂ ਰੋਡ ਤੇ ਮਾਛੀਜੋਆ ਸੜਕ ਉੱਪਰ ਉਸਾਰਿਆ ਗਿਆ ਪੁਲ, ਪਵਿੱਤਰ ਬੇਈਂ ’ਤੇ ਬਣਾਏ ਗਏ ਪਲਟੂਨ ਅਤੇ ਹਾਈ ਲੈਵਲ ਬਿ੍ਰਜ, ਦੇਸ਼ ਭਰ ਦਾ ਪਹਿਲਾ ਜ਼ਮੀਨਦੋਜ਼ ਬਿਜਲੀ ਸਪਲਾਈ ਵਾਲਾ 66 ਕੇ. ਵੀ ਸਬ-ਸਟੇਸ਼ਨ ਅਤੇ ਸੁਪਰ ਸਪੈਸ਼ਲਿਟੀ ਹਸਪਤਾਲ ਸ਼ਾਮਿਲ ਹਨ।

ਕੈਬਨਿਟ ਮੰਤਰੀ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ, ਜਿਸ ਦੌਰਾਨ ਉਨਾਂ ਅਧਿਕਾਰੀਆਂ ਨੂੰ ਆਪਣੀ ਡਿੳੂਟੀ ਸੇਵਾ ਭਾਵਨਾ ਨਾਲ ਕਰਨ ਲਈ ਕਿਹਾ। ਉਨਾਂ ਕਿਹਾ ਕਿ ਸਾਨੂੰ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਪੂਰੀ ਤਨਦੇਹੀ ਤੇ ਸਮਰਪਣ ਭਾਵਨਾ ਨਾਲ ਸਾਰੇ ਕੰਮ ਦਿਨ-ਰਾਤ ਇਕ ਕਰਕੇ ਮੁਕੰਮਲ ਕਰਨੇ ਚਾਹੀਦੇ ਹਨ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਐਸ. ਡੀ. ਐਮ ਡਾ. ਚਾਰੂਮਿਤਾ ਅਤੇ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ ਤੇ ਰਣਦੀਪ ਸਿੰਘ ਹੀਰ, ਮੇਲਾ ਅਫ਼ਸਰ ਸ੍ਰੀਮਤੀ ਨਵਨੀਤ ਕੌਰ ਬੱਲ, ਤਹਿਸੀਲਦਾਰ ਸ੍ਰੀਮਤੀ ਸੀਮਾ ਸਿੰਘ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਸ. ਪਰਮਜੀਤ ਸਿੰਘ, ਐਸ. ਐਚ. ਓ ਸ. ਸਰਬਜੀਤ ਸਿੰਘ, ਐਸ. ਐਮ. ਓ ਡਾ. ਅਨਿਲ ਮਨਚੰਦਾ, ਬੀ. ਡੀ. ਪੀ. ਓ ਸ. ਗੁਰਪ੍ਰਤਾਪ ਸਿੰਘ ਗਿੱਲ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਐਸ. ਈ, ਐਕਸੀਅਨ ਤੇ ਹੋਰ ਅਧਿਕਾਰੀ ਹਾਜ਼ਰ ਸਨ।