ਪਟਿਆਲਾ, 16 ਅਕਤੂਬਰ

ਸੀਪੀਐੱਮ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਹੈ ਕਿ ਰਿਫਰੈਂਡਮ 2020 ਵਰਗੀਆਂ ਖ਼ਾਲਿਸਤਾਨ ਲਹਿਰਾਂ ਨੇ ਪੰਜਾਬ ਦਾ ਪਹਿਲਾਂ ਹੀ ਬਹੁਤ ਨੁਕਸਾਨ ਕੀਤਾ ਹੈ ਜਿਸ ਦਾ ਖ਼ਮਿਆਜ਼ਾ ਪੰਜਾਬੀ ਅੱਜ ਤੱਕ ਭੁਗਤ ਰਹੇ ਹਨ, ਇਸ ਕਰਕੇ ਅਜਿਹੀਆਂ ਲਹਿਰਾਂ ਨੂੰ ਪੰਜਾਬੀ ਕਦੇ ਵੀ ਪ੍ਰਵਾਨ ਨਹੀਂ ਕਰਦੇ। ਇਸ ਸਬੰਧ ਵਿਚ ਸੂਬੇ ਦੀ ਕਾਂਗਰਸ ਸਰਕਾਰ ਨੂੰ ਵੀ ਅਪੀਲ ਹੈ ਕਿ ਇਸ ਲਹਿਰ ਨੂੰ ਜੜ੍ਹੋਂ ਖ਼ਤਮ ਕਰ ਦੇਣਾ ਚਾਹੀਦਾ ਹੈ। ਸ੍ਰੀ ਸੇਖੋਂ ਅੱਜ ਇੱਥੇ ਸੀਪੀਐੱਮ ਦਾ 100ਵਾਂ ਸਥਾਪਨਾ ਦਿਵਸ ਮਨਾਉਣ ਲਈ ਆਏ ਸਨ। ਇਸ ਵੇਲੇ ਸੀਪੀਐੱਮ ਵੱਲੋਂ ਕੀਤੀਆਂ 100 ਸਾਲਾ ਗਤੀਵਿਧੀਆਂ ਤੇ ਚਾਨਣਾ ਪਾਉਣ ਲਈ ਸੀਟੂ ਦੇ ਹਾਲ ਵਿਚ ਸੈਮੀਨਾਰ ਵੀ ਕਰਾਇਆ ਗਿਆ। 17 ਅਕਤੂਬਰ 1920 ਨੂੰ ਤਾਸ਼ਕੰਦ ਵਿਚ ਸੀਪੀਐਮ ਦੀ ਸਥਾਪਨਾ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਮੋਦੀ ਦੀ ਕੇਂਦਰ ਸਰਕਾਰ ਭਾਰਤ ਦੀ ਆਰਥਿਕਤਾ ਨੂੰ ਤਬਾਹ ਕਰਨ ਲੱਗੀ ਹੈ। ਅਰਥ ਸ਼ਾਸਤਰੀ ਡਾ. ਬਲਵਿੰਦਰ ਸਿੰਘ ‌ਟਿਵਾਣਾ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ ਲੈਕੇ ਹਰ ਲੋਕ ਪੱਖੀ ਲਹਿਰ ਵਿਚ ਸੀਪੀਐੱਮ ਨੇ ਆਪਣਾ ਗੈਰ ਮਾਮੂਲੀ ਯੋਗਦਾਨ ਪਾਇਆ। ਇਸ ਵੇਲੇ ਧਰਮਪਾਲ ਸੀਲ, ਗੁਰਦਰਸ਼ਨ ਸਿੰਘ ਖਾਸਪੁਰ, ਰੇਸ਼ਮ ਸਿੰਘ, ਚੌਧਰੀ ਮੁਹੰਮਦ ਸਦੀਕ, ਕਾ. ਸੁਨੀਲ ਕੁਮਾਰ, ਕਾ. ਗੁਰਬਖ਼ਸ਼ ਸਿੰਘ, ਗੁਰਮੀਤ ਸਿੰਘ ਛੱਜੂ ਭੱਟ, ਹਰਬੰਸ ਸਿੰਘ ਬੁੱਗਾ, ਰਾਜਦੀਪ ਸਿੰਘ, ਜਗਜੀਤ ਸਿੰਘ, ਤਰਸੇਮ ਸਿੰਘ ਸੰਬੋਧਨ ਕੀਤਾ।