ਜਲਾਲਾਬਾਦ/ਫ਼ਾਜ਼ਿਲਕਾ, 27 ਅਪ੍ਰੈਲ: ਪੰਜਾਬ ਸਰਕਾਰ ਦੇ ਸਾਰਥਕ ਯਤਨਾਂ ਸਦਕਾ ਸ੍ਰੀ ਹਜੂਰ ਸਾਹਿਬ, ਨਾਂਦੇੜ ਤੋਂ ਫਾਜ਼ਿਲਕਾ ਨਾਲ ਸਬੰਧਤ ਸੰਗਤ ਦੀ ਵਾਪਸੀ ਸੁਰੂ ਹੋ ਚੁੱਕੀ ਹੈ। ਬੱਸਾਂ ਰਾਹੀ ਪਰਤੀ ਸੰਗਤ ਦਾ ਸਿਵਲ ਹਸਪਤਾਲ ਜਲਾਲਾਬਾਦ ਵਿਖੇ ਸਮਾਜਿਕ ਦੂਰੀ ਦਾ ਖਿਆਲ ਰੱਖਦੇ ਹੋਏ ਟੈਸਟ ਕੀਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਘਰ ‘ਚ ਇਕਾਂਤਵਾਸ ਲਈ ਆਦੇਸ਼ ਜਾਰੀ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਜਿਲ੍ਹਾ ਫਾਜਲਿਕਾ ਨਾਲ ਸਬੰਧਤ 61 ਸਰਧਾਲੂ ਸ੍ਰੀ ਹਜੂਰ ਸਾਹਿਬ ਵਿਖੇ ਗਏ ਸਨ ਪਰ ਅਚਾਨਕ ਹੋਏ ਲਾਕਡਾਊਨ ਕਾਰਨ ਉਥੇ ਹੀ ਫਸ ਗਏ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਰਧਾਲੂਆਂ ਵਿੱਚੋਂ 9 ਪਹੁੰਚੇ ਹਨ ਅਤੇ ਬਾਕੀ ਸਰਧਾਲੂ ਵੀ ਜਲਦ ਆਪਣੇ ਪਰਿਵਾਰ ਕੋਲ ਪਹੁੰਚ ਜਾਣਗੇ ਜਿਸਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਸਮੁੱਚੀ ਪ੍ਰਕਿਰਿਆ ਨਾਲ ਜੁੜਿਆ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਰਧਾਲੂਆਂ ਦੀ ਘਰ ਵਾਪਸੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਗਾਤਾਰ ਭਾਰਤ ਸਰਕਾਰ ਅਤੇ ਮਹਾਰਾਸ਼ਟਰ ਸੂਬਾਈ ਸਰਕਾਰ ਨਾਲ ਰਾਬਤਾ ਕਰਕੇ ਇਨ੍ਹਾਂ ਲਈ ਸੁਰੱਖਿਅਤ ਰਾਹਦਾਰੀ ਦਾ ਪ੍ਰਬੰਧ ਕੀਤਾ ਸੀ। ਇਸ ਤੋਂ ਬਿਨਾਂ ਜਿਨ੍ਹਾਂ ਰਾਜਾਂ ਵਿਚੋਂ ਇਨ੍ਹਾਂ ਸਰਧਾਲੂਆਂ ਦੀਆਂ ਬੱਸਾਂ ਨੇ ਲੰਘ ਕੇ ਆਉਣਾ ਸੀ ਉਨ੍ਹਾਂ ਨਾਲ ਵੀ ਪੰਜਾਬ ਸਰਕਾਰ ਵੱਲੋਂ ਮੁਕੰਮਲ ਤਾਲਮੇਲ ਕੀਤਾ ਗਿਆ ਸੀ ਤਾਂ ਜੋ ਰਾਸਤੇ ਵਿਚ ਇਨ੍ਹਾਂ ਸਰਧਾਲੂਆਂ ਨੂੰ ਕੋਈ ਸਮੱਸਿਆ ਪੇਸ ਨਾ ਆ ਸਕੇ।
ਇਸ ਮੌਕੇ ਫਾਜ਼ਿਲਕਾ ਪਹੁੰਚੇ ਸਰਧਾਲੂਆਂ ਨੇ ਪੰਜਾਬ ਸਰਕਾਰ ਦਾ ਵਿਸੇਸ ਤੌਰ ‘ਤੇ ਧੰਨਵਾਦ ਕੀਤਾ ਜਿਸ ਨੇ ਲਗਾਤਾਰ ਭਾਰਤ ਸਰਕਾਰ ਅਤੇ ਦੂਜੀਆਂ ਰਾਜ ਸਰਕਾਰਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਦੀ ਵਾਪਸੀ ਲਈ ਰਾਹਦਾਰੀ ਦਾ ਪ੍ਰਬੰਧ ਕੀਤਾ।