ਚੰਡੀਗੜ੍ਹ/ਮੋਹਾਲੀ, 10 ਦਸੰਬਰ: “ਬੀਤੇ ਸਮੇਂ ਵਿਚ ਪੰਜਾਬ ਦੇ ਰਹਿ ਚੁੱਕੇ ਡੀਜੀਪੀ ਮਰਹੂਮ ਕੇ.ਪੀ.ਐਸ਼ ਗਿੱਲ ਨੇ ਆਪਣੇ ਕਾਰਜਕਾਲ ਸਮੇਂ ਕਾਨੂੰਨੀ ਪ੍ਰਕਿਰਿਆ, ਨਿਯਮਾਂ ਅਤੇ ਇਨਸਾਨੀ ਕਦਰਾ-ਕੀਮਤਾ ਦਾ ਘੋਰ ਉਲੰਘਣ ਕਰਕੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਨੌਜ਼ਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਖ਼ਤਮ ਕਰਵਾਇਆ । 25 ਹਜ਼ਾਰ ਦੇ ਕਰੀਬ ਨੌਜ਼ਵਾਨਾਂ ਦੀਆਂ ਲਾਸਾ ਨੂੰ ਅਣਪਛਾਤੀਆਂ ਕਰਾਰ ਦੇ ਕੇ ਦਰਿਆਵਾ ਤੇ ਨਦੀਆਂ ਵਿਚ ਰੋੜ੍ਹਿਆਂ । ਉਸ ਸਮੇਂ ਪੰਜਾਬ ਵਿਚ ਕਾਨੂੰਨ ਨਾਮ ਦੀ ਕੋਈ ਸੈਅ ਨਜ਼ਰ ਨਹੀਂ ਸੀ ਆ ਰਹੀ । ਹਰ ਪਾਸੇ ਜੰਗਲ ਦਾ ਰਾਜ ਸੀ । ਜਿਨ੍ਹਾਂ ਪੁਲਿਸ ਅਧਿਕਾਰੀਆਂ ਨੇ ਕੇ.ਪੀ.ਐਸ਼ ਗਿੱਲ ਦੇ ਗੈਰ-ਕਾਨੂੰਨੀ ਅਤੇ ਅਣਮਨੁੱਖੀ ਹੁਕਮਾਂ ਨੂੰ ਮੰਨਕੇ ਕਤਲੇਆਮ ਕੀਤਾ, ਉਨ੍ਹਾਂ ਨੂੰ ਪੁਲਿਸ ਵਿਭਾਗ ਵਿਚ ਤਰੱਕੀਆ ਦੇ ਨਾਲ-ਨਾਲ ਉਨ੍ਹਾਂ ਦੀ ਮਾਲੀ ਹਾਲਤ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਲਈ ਖਜ਼ਾਨੇ ਵਿਚੋਂ ਭੁਗਤਾਨ ਕਰਕੇ ਸੂਬੇ ਦੇ ਖਜਾਨੇ ਦੀ ਖੂਬ ਦੁਰਵਰਤੋਂ ਕੀਤੀ । ਇਥੇ ਹੀ ਬਸ ਨਹੀਂ, ਕੇ.ਪੀ.ਐਸ਼ ਗਿੱਲ ਨੇ ਡੀਜੀਪੀ ਹੁੰਦੇ ਹੋਏ ਇਕ ਸੀਨੀਅਰ ਆਈ.ਏ.ਐਸ਼ ਅਧਿਕਾਰੀ ਬੀਬੀ ਰੂਪਨ ਦਿਓਲ ਬਜਾਜ ਨਾਲ ਇਕ ਪਾਰਟੀ ਵਿਚ ਸ਼ਰਮਨਾਕ ਢੰਗ ਨਾਲ ਛੇੜਛਾੜ ਕੀਤੀ ਅਤੇ ਔਰਤ ਵਰਗ ਜੋ ਸਮਾਜ ਦਾ ਸਨਮਾਨਯੋਗ ਵਰਗ ਹੈ, ਉਸ ਨੂੰ ਅਪਮਾਨਿਤ ਕਰਨ ਦੀ ਕੋਸ਼ਿਸ਼ ਕੀਤੀ । ਜਿਸ ਲਈ ਗਿੱਲ ਨੂੰ ਕਾਨੂੰਨੀ ਤੌਰ ਤੇ ਸਜ਼ਾ ਵੀ ਹੋਈ । ਅਜਿਹੇ ਸਜ਼ਾਯਾਫਤਾ ਗੈਰ-ਇਖਲਾਕੀ ਅਤੇ ਅਣਮਨੁੱਖੀ ਕਾਰਵਾਈਆ ਕਰਨ ਵਾਲੇ ਸਿੱਖ ਕੌਮ ਦੇ ਕਾਤਲ ਨੂੰ ਉਭਾਰਨ ਲਈ ਜੋ ਆਉਣ ਵਾਲੇ ਕੱਲ੍ਹ ਮੋਹਾਲੀ ਦੇ ਇੰਡੀਅਨ ਸਕੂਲ ਆਫ਼ ਬਿਜ਼ਨੈਸ ਵਿਖੇ ਪ੍ਰਬੰਧਕ ਕਮੇਟੀ ਅਤੇ ਪੰਜਾਬ ਪੁਲਿਸ ਵੱਲੋਂ ਸੈਮੀਨਰ ਕਰਵਾਇਆ ਜਾ ਰਿਹਾ ਹੈ ਇਹ ਸਮੁੱਚੇ ਉਨ੍ਹਾਂ ਪੰਜਾਬੀਆਂ ਅਤੇ ਸਿੱਖਾਂ ਦੇ ਮਨਾਂ ਅਤੇ ਆਤਮਾਵਾਂ ਉਤੇ ਲੱਗੇ ਡੂੰਘੇ ਜਖ਼ਮਾਂ ਨੂੰ ਉਧੇੜਨ ਦੀ ਅਸਹਿ ਕਾਰਵਾਈ ਹੈ, ਜਿਨ੍ਹਾਂ ਦੇ ਪਰਿਵਾਰਿਕ ਮੈਬਰਾਂ ਨੂੰ ਕੇ.ਪੀ.ਐਸ਼ ਗਿੱਲ ਅਤੇ ਉਸਦੀ ਜਾਲਮ ਪੁਲਿਸ ਨੇ ਬੀਤੇ ਸਮੇਂ ਵਿਚ ਅਤਿ ਜਾਲਮਨਾਂ ਢੰਗ ਨਾਲ ਕਤਲੇਆਮ ਕੀਤਾ, ਸਿੱਖ ਪਰਿਵਾਰਾਂ ਦੀਆਂ ਜ਼ਮੀਨਾਂ-ਜ਼ਾਇਦਾਦਾਂ ਗੋਲੀ-ਬੰਦੂਕ ਤੇ ਲੁੱਟੀਆ ਅਤੇ ਧੀਆਂ-ਭੈਣਾਂ ਦੀ ਇੱਜ਼ਤ ਨਾਲ ਖਿਲਵਾੜ ਕੀਤਾ ।”
ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਉਣ ਵਾਲੇ ਕੱਲ੍ਹ ਮੋਹਾਲੀ ਵਿਖੇ ਮਨੁੱਖਤਾ ਤੇ ਸਿੱਖ ਕੌਮ ਦੇ ਕਾਤਲ ਮਰਹੂਮ ਕੇ.ਪੀ.ਐਸ਼ ਗਿੱਲ ਨੂੰ ਉਭਾਰਨ ਲਈ ਪੰਜਾਬ ਪੁਲਿਸ ਅਤੇ ਸਰਕਾਰ ਵੱਲੋਂ ਕਰਵਾਏ ਜਾ ਰਹੇ ਸੈਮੀਨਰ ਉਤੇ ਗਹਿਰਾ ਦੁੱਖ ਅਤੇ ਅਫ਼ਸੋਸ ਜ਼ਾਹਰ ਕਰਦੇ ਹੋਏ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਵੀ ਗਹਿਰੀ ਚਿੰਤਾ ਜ਼ਾਹਰ ਕੀਤੀ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਨ ਲਈ ਜਾ ਰਹੇ ਹਨ । ਸਾਨੂੰ ਸਿੱਖ ਕੌਮ ਨੂੰ ਇਸ ਗੱਲ ਦਾ ਹੋਰ ਵੀ ਵੱਡਾ ਦੁੱਖ ਪਹੁੰਚਿਆ ਹੈ ਕਿ ਅਮਰੀਕਾ ਦੇ ਅੰਦਰੂਨੀ ਸੁਰੱਖਿਆ ਅਤੇ ਅੱਤਵਾਦ ਦੇ ਮਾਹਰ ਸ੍ਰੀ ਪੀਟਰ ਚਾਕ ਇਸ ਸੈਮੀਨਰ ਵਿਚ ਮੁੱਖ ਪੇਪਰ ਪੜ੍ਹਨ ਜਾ ਰਹੇ ਹਨ । ਸਾਨੂੰ ਜਾਪਦਾ ਹੈ ਕਿ ਪੰਜਾਬ ਪੁਲਿਸ, ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਨੇ ਕੇ.ਪੀ.ਐਸ਼ ਗਿੱਲ ਦੇ ਮਨੁੱਖਤਾ ਵਿਰੋਧੀ ਅਮਲਾਂ ਉਤੇ ਚਲਾਕੀ ਨਾਲ ਪਰਦਾ ਪਾ ਕੇ ਸ੍ਰੀ ਪੀਟਰ ਚਾਕ ਵਰਗੀ ਅਮਰੀਕਨ ਸਖਸ਼ੀਅਤ ਨੂੰ ਗੁੰਮਰਾਹ ਕਰਕੇ ਇਸ ਸੈਮੀਨਰ ‘ਤੇ ਬੁਲਾਇਆ ਜਾ ਰਿਹਾ ਹੈ । ਕਿਉਂਕਿ ਅਮਰੀਕਨ ਅਤੇ ਉਥੋਂ ਦੇ ਹੁਕਮਰਾਨ ਤਾਂ ਖੁਦ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਦੇ ਕੌਮਾਂਤਰੀ ਪੱਧਰ ਤੇ ਹਾਮੀ ਹਨ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਜਿਵੇਂ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੇ ਬੀਤੇ ਸਮੇਂ ਵਿਚ ਮੀਡੀਆ, ਬਿਜਲਈ ਮੀਡੀਆ ਅਤੇ ਹੋਰ ਸੰਚਾਰ ਸਾਧਨਾਂ ਦੀ ਤਾਕਤ ਦੇ ਜੋਰ ਨਾਲ ਦੁਰਵਰਤੋਂ ਕਰਕੇ ਸਿੱਖ ਕੌਮ ਨੂੰ ਅਤੇ ਪੰਜਾਬ ਸੂਬੇ ਨੂੰ ਬਦਨਾਮ ਕਰਨ ਲਈ ਅਸਫ਼ਲ ਕੋਸ਼ਿਸ਼ਾਂ ਕੀਤੀਆ ਸਨ, ਉਸੇ ਤਰ੍ਹਾਂ ਅਮਰੀਕਨਾਂ ਨੂੰ ਵੀ ਗੁੰਮਰਾਹ ਕਰਕੇ ਅਜਿਹੇ ਕਾਤਲਾਂ ਅਤੇ ਜ਼ਬਰ-ਜ਼ਨਾਹ ਕਰਨ ਵਾਲੇ ਅਫ਼ਸਰ ਕੇ.ਪੀ.ਐਸ਼ ਗਿੱਲ ਦੀ ਦੂਸਰੀ ਯਾਦਗਰ ਮਨਾਉਣ ਦਾ ਢੌਂਗ ਰੱਚਿਆ ਜਾ ਰਿਹਾ ਹੈ ਤਾਂ ਕਿ ਬੀਤੇ ਸਮੇਂ ਵਿਚ ਪੰਜਾਬ ਸੂਬੇ ਅਤੇ ਸਿੱਖ ਕੌਮ ਉਤੇ ਹੋਏ ਜ਼ਬਰ ਅਤੇ ਕਤਲੇਆਮ ਨੂੰ ਇਸ ਲਈ ਸਹੀ ਠਹਿਰਾਇਆ ਜਾ ਸਕੇ ਕਿਉਂਕਿ ਸਿੱਖ ਕੌਮ ਨੂੰ ਇਨਸਾਫ਼ ਨਾ ਮਿਲਣ ਦੀ ਗੱਲ ਅੱਜ ਦੁਨੀਆਂ ਦੇ ਕੌਮਾਂਤਰੀ ਵਿਹੜੇ ਵਿਚ ਜੋਰ-ਸੋਰ ਨਾਲ ਉੱਠ ਰਹੀ ਹੈ । ਇੰਡੀਅਨ ਹੁਕਮਰਾਨ, ਪੰਜਾਬ ਸਰਕਾਰ ਅਤੇ ਕਾਤਲ ਪੁਲਿਸ ਅਫ਼ਸਰਾਨ ਨੂੰ ਕੌਮਾਂਤਰੀ ਕਾਨੂੰਨਾਂ ਤੇ ਕੌਮਾਂਤਰੀ ਕਟਹਿਰੇ ਵਿਚ ਦੋਸ਼ੀ ਠਹਿਰਾਏ ਜਾਣ ਦੀ ਸੰਭਾਵਨਾ ਬਣ ਚੁੱਕੀ ਹੈ ।
ਸ਼ ਮਾਨ ਨੇ ਸ੍ਰੀ ਪੀਟਰ ਚਾਕ ਨੂੰ ਮਨੁੱਖੀ ਅਤੇ ਇਨਸਾਨੀ ਕਦਰਾ-ਕੀਮਤਾ ਦੇ ਆਧਾਰ ਤੇ ਸਮੁੱਚੀ ਸਿੱਖ ਕੌਮ ਤੇ ਪੰਜਾਬੀਆਂ ਵੱਲੋਂ ਅਪੀਲ ਕਰਦੇ ਹੋਏ ਕਿਹਾ ਕਿ ਬੇਸੱਕ ਉਨ੍ਹਾਂ ਦਾ ਅੰਦਰੂਨੀ ਸੁਰੱਖਿਆ ਅਤੇ ਅੱਤਵਾਦ ਦੇ ਵਿਸ਼ੇ ਉਤੇ ਵੱਡਾ ਕੌਮਾਂਤਰੀ ਤੁਜਰਬਾ ਹੋਵੇਗਾ, ਪਰ ਉਨ੍ਹਾਂ ਵੱਲੋਂ ਸਿੱਖ ਕੌਮ ਤੇ ਮਨੁੱਖਤਾ ਦੇ ਕਾਤਲ ਦੀ ਯਾਦ ਵਿਚ ਮੋਹਾਲੀ ਵਿਖੇ ਕਰਵਾਏ ਜਾ ਰਹੇ ਪ੍ਰੋਗਰਾਮ ਵਿਚ ਬਿਲਕੁਲ ਵੀ ਸਾਮਿਲ ਹੋਣਾ ਨਹੀਂ ਸੀ ਬਣਦਾ । ਜੇਕਰ ਉਹ ਮਨੁੱਖੀ ਨਿਯਮਾਂ ਤੇ ਅਸੂਲਾਂ ਦੇ ਆਧਾਰ ‘ਤੇ ਆਪਣੀ ਇਸ ਮੁੱਖ ਪੇਪਰ ਪੜ੍ਹਨ ਦੇ ਦੁੱਖਦਾਇਕ ਅਮਲ ਨੂੰ ਮਨਸੂਖ ਕਰ ਦੇਣ ਤਾਂ ਅਮਰੀਕਨਾਂ ਦੀ ਮਨੁੱਖੀ ਅਧਿਕਾਰਾਂ ਸੰਬੰਧੀ ਬਣੀ ਛਬੀ ਉਤੇ ਲੱਗਣ ਵਾਲੇ ਦਾਗ ਤੋਂ ਬਚਿਆ ਜਾ ਸਕੇਗਾ । ਵਰਨਾ ਅਮਰੀਕਨ ਵੀ ਵੱਡੇ ਪ੍ਰਸ਼ਨਚਿੰਨ੍ਹ ਵਿਚ ਆ ਜਾਣਗੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਅਮਰੀਕਾ ਦੀ ਹਕੂਮਤ ਅਤੇ ਸ੍ਰੀ ਪੀਟਰ ਚਾਕ ਆਪਣੇ ਇਸ ਮਨੁੱਖਤਾ ਵਿਰੋਧੀ ਫੈਸਲੇ ਉਤੇ ਮੁੜ ਵਿਚਾਰ ਕਰਕੇ ਮਨੁੱਖੀ ਹੱਕਾਂ ਦੀ ਰਾਖੀ ਅਤੇ ਕੌਮਾਂਤਰੀ ਇਨਸਾਫ਼ ਨੂੰ ਬਲ ਦੇਣਗੇ । ਸ਼ ਮਾਨ ਨੇ ਸਮੁੱਚੀ ਸਿੱਖ ਕੌਮ ਅਤੇ ਇਨਸਾਫ਼ ਪਸ਼ੰਦ ਸਖਸ਼ੀਅਤਾਂ ਨੂੰ ਇਹ ਜੋਰਦਾਰ ਅਪੀਲ ਕੀਤੀ ਕਿ ਉਹ ਆਉਣ ਵਾਲੇ ਕੱਲ੍ਹ ਮੋਹਾਲੀ ਵਿਖੇ ਇੰਡੀਅਨ ਸਕੂਲ ਆਫ਼ ਬਿਜ਼ਨੈਸ ਵਿਖੇ ਪੰਜਾਬੀਆਂ ਤੇ ਸਿੱਖ ਕੌਮ ਦੇ ਕਾਤਲ ਕੇ.ਪੀ.ਐਸ਼ ਗਿੱਲ ਨੂੰ ਹੁਕਮਰਾਨੀ ਢੰਗਾਂ ਰਾਹੀ ਉਭਾਰਨ ਦੇ ਕੀਤੇ ਜਾ ਰਹੇ ਮਨੁੱਖਤਾ ਵਿਰੋਧੀ ਅਮਲਾਂ ਦਾ ਰੋਸ ਵਿਖਾਵੇ ਰਾਹੀ ਜੋਰਦਾਰ ਵਿਰੋਧ ਕਰਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ਼ ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਅਕਾਲੀ ਦਲ ਦੀ ਅਗਵਾਈ ਵਿਚ ਰੋਸ ਵਿਖਾਵਾ ਕਰਦੇ ਹੋਏ ਗਵਰਨਰ ਪੰਜਾਬ ਨੂੰ ਇਕ ਯਾਦ-ਪੱਤਰ ਦੇਵੇਗਾ ।