ਚੰਡੀਗੜ੍ਹ, 5 ਨਵੰਬਰ

ਪੰਜਾਬ ਸਰਕਾਰ ਨੇ ਵੀਰਵਾਰ ਨੂੰ ਕੰਟੇਨਮੈਂਟ ਜ਼ੋਨ ਦੇ ਬਾਹਰਲੇ ਇਲਾਕਿਆਂ ਵਿਚ 16 ਨਵੰਬਰ ਤੋਂ ਯੂਨੀਵਰਸਿਟੀ ਅਤੇ ਕਾਲਜ ਮੁੜ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਾਜ ਦੇ ਕੰਟੇਨਟਮੈਂਟ ਜ਼ੋਨ ਦੇ ਬਾਹਰਲੇ ਖੇਤਰਾਂ ਵਿੱਚ ਸਾਰੇ ਉੱਚ ਵਿਦਿਅਕ, ਮੈਡੀਕਲ ਸਿੱਖਿਆ ਅਤੇ ਖੋਜ ਤੇ ਤਕਨੀਕੀ ਸਿੱਖਿਆ ਸੰਸਥਾਵਾਂ ਸਮੇਤ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ 16 ਨਵੰਬਰ ਤੋਂ ਮੁੜ ਤੋਂ ਖੋਲ੍ਹਣ ਦੀ ਆਗਿਆ ਹੋਵੇਗੀ। ਇਸ ਤੋਂ ਇਲਾਵਾ, ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਅਧੀਨ ਆਉਣ ਵਾਲੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਲਈ ਕਲਾਸਾਂ 9 ਨਵੰਬਰ, 2020 ਤੋਂ ਸ਼ੁਰੂ ਹੋਣਗੀਆਂ।

ਇਨ੍ਹਾਂ ਅਦਾਰਿਆਂ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਅਤੇ ਕੇਂਦਰ ਸਰਕਾਰ ਨਾਲ ਸਬੰਧਤ ਮੰਤਰਾਲੇ ਨਾਲ ਸਲਾਹ ਮਸ਼ਵਰਾ ਕਰਕੇ ਉਨ੍ਹਾਂ ਦੇ ਸਬੰਧਤ ਪ੍ਰਸ਼ਾਸਕੀ ਵਿਭਾਗਾਂ ਦੁਆਰਾ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ। ਇਸ ਤੋਂ ਪਹਿਲਾਂ, ਪੰਜਾਬ ਸਰਕਾਰ ਨੇ ਸੂਬੇ ਵਿੱਚ 15 ਅਕਤੂਬਰ, 2020 ਤੋਂ ਬਾਅਦ ਰਿਸਰਚ ਸਕਾਲਰਾਂ (ਪੀਐਚ.ਡੀ.) ਅਤੇ ਵਿਗਿਆਨ ਤੇ ਟੈਕਨਾਲੋਜੀ ਸਟ੍ਰੀਮ ਵਿਚ ਪੋਸਟ-ਗ੍ਰੈਜੂਏਟ ਕਰਨ ਵਾਲੇ ਵਿਦਿਆਰਥੀਆਂ ਲਈ ਉੱਚ ਸਿੱਖਿਆ ਸੰਸਥਾਵਾਂ ਖੋਲ੍ਹਣ ਦੀ ਆਗਿਆ ਦਿੱਤੀ ਸੀ।