ਚੰਡੀਗੜ੍ਹ/ਨਵੀਂ ਦਿੱਲੀ, 22 ਅਗਸਤ
ਬੀਐੱਸਐੱਫ ਜਵਾਨਾਂ ਨੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਡਲ ਸਰਹੱਦੀ ਚੌਕੀ ’ਤੇ ਸ਼ਨਿਚਰਵਾਰ ਤੜਕੇ 5 ਘੁਸਪੈਠੀਆਂ ਨੂੰ ਮਾਰ ਮੁਕਾਇਆ। ਬੀਐੱਸਐੱਫ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਐੱਸਐੱਫ ਦੇ ਜਵਾਨਾਂ ਨੇ ਭਾਰਤ ਪਾਕਿ ਸਰਹੱਦ ਨੇੜੇ ਡਲ ਸਰਹੱਦੀ ਚੌਕੀ ’ਤੇ ਸ਼ੱਕੀ ਗਤੀਵਿਧੀਆਂ ਦੇਖੀਆਂ। ਉਨ੍ਹਾਂ ਦੇਖਿਆ ਕਿ ਕੁਝ ਹਥਿਆਰਬੰਦ ਘੁਸਪੈਠੀਏ ਉੱਚੀ ਘਾਹ ਤੇ ਸਰਕੰਡਿਆਂ ਵਿੱਚ ਲੁਕ ਕੇ ਭਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। 103ਵੀਂ ਬਟਾਲੀਅਨ ਦੇ ਜਵਾਨਾਂ ਨੇ ਉਨ੍ਹਾਂ ਨੂੰ ਲਲਕਾਰਿਆ ਤਾਂ ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਪੰਜ ਘੁਸਪੈਠੀਏ ਮਾਰੇ ਗਏ। ਇਹ ਘਟਨਾ ਤੜਕੇ ਕਰੀਬ 4.45 ਵਜੇ ਵਾਪਰੀ। ਉਨ੍ਹਾਂ ਦੱਸਿਆ ਕਿ ਘੁਸਪੈਠੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਕ ਹੋਰ ਬੀਐੱਸਐਫ ਅਧਿਕਾਰੀ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਇਕ ਏਕੇ47 ਰਾਈਫਲ ਤੇ ਦੋ ਪਿਸਤੌਲਾਂ ਬਰਾਮਦ ਹੋਈਆਂ ਹਨ।
ਉਧਰ, ਕੌਮੀ ਰਾਜਧਾਨੀ ਦਿੱਲੀ ਦੇ ਰਿਜ ਰੋਡ ਇਲਾਕੇ ਵਿਚੋਂ ਦਿੱਲੀ ਪੁਲੀਸ ਨੇ ਖ਼ਤਰਨਾਕ ਅਤਿਵਾਦੀ ਸੰਗਠਨ ਆਈਐੱਸਆਈਐੱਸ ਨਾਲ ਕਥਿਤ ਤੌਰ ਨਾਲ ਜੁੜੇ ਇਕ ਵਿਅਕਤੀ ਨੂੰ ਆਈਈਡੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨਾਲ ਇਕ ਮੁਕਾਬਲੇ ਤੋਂ ਬਾਅਦ ਸ਼ੁੱਕਰਵਾਰ ਰਾਤ ਨੂੰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦਿੱਲੀ ਪੁਲੀਸ ਕਮਿਸ਼ਨਰ ਪ੍ਰਮੋਦ ਸਿੰਘ ਕੁਸ਼ਵਾਹਾ ਨੇ ਦੱਸਿਆ ਕਿ ਧੌਲਾ ਕੂਆਂ ਅਤੇ ਕਰੋਲ ਬਾਗ ਵਿਚਾਲੇ ਰਿੱਜ ਰੋਡ ’ਤੇ ਇਕ ਮੁਕਾਬਲੇ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।