ਰਈਆ, 31 ਮਾਰਚ
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਇੱਥੇ ਪਾਰਟੀ ਦੀ ਇਕਾਈ ਦੇ ਗਠਨ ਲਈ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਪੱਗਾਂ ਤੇ ਝੰਡੀਆਂ ਦੇ ਰੰਗ ਬਦਲੇ ਹਨ, ਪਰ ਅਸਲੀਅਤ ਨਹੀਂ ਬਦਲੀ। ਰੇਤ ਮਾਫ਼ੀਆ, ਨਸ਼ਾ ਮਾਫ਼ੀਆ, ਕੇਬਲ ਮਾਫ਼ੀਆ ਤੇ ਟਰਾਂਸਪੋਰਟ ਮਾਫ਼ੀਆ ਉਸੇ ਤਰ੍ਹਾਂ ਲੋਕਾਂ ਨੂੰ ਲੁੱਟ ਰਿਹਾ ਹੈ। ਜੇਕਰ ਬਦਲਿਆ ਹੈ ਤਾਂ ਇਨ੍ਹਾਂ ਉਤੇ ਕੰਟਰੋਲ ਬਦਲਿਆ ਹੈ।
ਸ੍ਰੀ ਬੈਂਸ ਨੇ ਇਸ ਰੈਲੀ ਤੋਂ ਪਹਿਲਾਂ ਹਲਕਾ ਬਾਬਾ ਬਕਾਲਾ ਵਿੱਚ ਪਾਰਟੀ ਦੇ ਸਰਗਰਮ ਕਾਰਕੁਨ ਚਰਨਦੀਪ ਸਿੰਘ ਭਿੰਡਰ ਵੱਲੋਂ ਖੋਲ੍ਹੇ ਐਮ.ਬੀ.ਕੇ ਸੈਨੇਟਰੀ ਸਟੋਰ ਦਾ ਉਦਘਾਟਨ ਕੀਤਾ। ਇਸ ਮੌਕੇ ਸ੍ਰੀ ਬੈਂਸ ਨੇ ਕਿਹਾ ਕਿ ਪਹਿਲਾਂ 10 ਸਾਲ ਅਕਾਲੀਆਂ ਨੇ ਲੋਕਾਂ ਨੂੰ ਲੁੱਟਿਆ, ਹੁਣ ਕਾਂਗਰਸੀ ਲੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਤੱਕ ਪੰਜਾਬ ’ਤੇ ਰਾਜ ਕਰਨ ਵਾਲੀਆਂ ਪਾਰਟੀਆਂ ਨੇ ਸੂਬੇ ਦੇ ਭਲੇ ਲਈ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਕਾਲੀ ਸਰਕਾਰ ਵੇਲੇ ਨਵੰਬਰ 2016 ਵਿੱਚ ਪੰਜਾਬ ਦੇ ਪਾਣੀਆਂ ਦੀ ਰਾਇਲਟੀ ਲੈਣ ਵਾਸਤੇ ਵਿਧਾਨ ਸਭਾ ਵਿੱਚ ਇਕ ਮਤਾ ਪਾਸ ਕਰਵਾਇਆ ਸੀ, ਜਿਸ ਅਧੀਨ ਇਕੱਲੇ ਰਾਜਸਥਾਨ ਕੋਲੋਂ 1947 ਤੋਂ 2016 ਤੱਕ  ਗਏ ਪਾਣੀ ਦੀ ਰਾਇਲਟੀ ਜਿਹੜੀ ਰਿਪੇਰੀਅਨ ਸਿਧਾਂਤ ਅਨੁਸਾਰ ਕਰੀਬ 16 ਲੱਖ ਕਰੋੜ ਰੁਪਏ ਬਣਦੀ ਸੀ, ਲੈਣ ਵਾਸਤੇ ਅੱਜ ਤੱਕ ਕਿਸੇ ਵੀ ਸਰਕਾਰ ਨੇ ਸਬੰਧਤ ਰਾਜਾਂ ਨੂੰ ਬਿੱਲ ਨਹੀਂ ਭੇਜਿਆ। ਉਨ੍ਹਾਂ ਕਿਹਾ ਕਿ ਰਾਜਸਥਾਨ, ਹਰਿਆਣਾ ਤੇ ਦਿੱਲੀ ਮੁਫ਼ਤ ਵਿੱਚ ਪਾਣੀ ਲੈ ਰਹੇ ਹਨ। ਸ੍ਰੀ ਬੈਂਸ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਪੰਜਾਬ ਨੂੰ ਰਵਾਇਤੀ ਪਾਰਟੀਆਂ ਤੋਂ ਬਚਾਇਆ ਜਾਵੇ। ਉਨ੍ਹਾਂ ਹਲਕਾ ਬਾਬਾ ਬਕਾਲਾ ਵਿੱਚ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ, ਜਿਸ ਅਨੁਸਾਰ ਹਲਕਾ ਪ੍ਰਧਾਨ ਕਸ਼ਮੀਰ ਸਿੰਘ ਬੁੱਟਰ, ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰਾ ਚਰਨਦੀਪ ਸਿੰਘ ਭਿੰਡਰ, ਮੀਤ ਪ੍ਰਧਾਨ ਬਲਰਾਜ ਸਿੰਘ ਬੁਟਾਰੀ, ਜਨਰਲ ਸਕੱਤਰ ਤੇ ਪ੍ਰੈੱਸ ਸਕੱਤਰ ਗੁਰਦੇਵ ਸਿੰਘ ਠੱਠੀਆਂ, ਪ੍ਰਚਾਰ ਸਕੱਤਰ ਰਵਿੰਦਰ ਸਿੰਘ ਕੰਗ, ਜਥੇਬੰਦਕ ਸਕੱਤਰ ਹਰਦਿਆਲ ਸਿੰਘ ਰਾਮਪੁਰ, ਜਸਵਿੰਦਰ ਸਿੰਘ ਸੰਧੂ, ਗੁਰਬਿੰਦਰ ਸਿੰਘ ਸਿੱਧੂ , ਸਹਾਇਕ ਸਕੱਤਰ ਗੁਰਪਾਲ ਸਿੰਘ ਮਾਨ, ਪ੍ਰਚਾਰ ਸਕੱਤਰ ਸਤਨਾਮ ਸਿੰਘ ਬੂਲੇਨੰਗਲ ਤੇ ਸਕੱਤਰ ਸਰਬਜੀਤ ਸਿੰਘ ਧੂਲਕਾ ਨੂੰ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਹਲਕਾ ਜੰਡਿਆਲਾ ਗੁਰੂ ਦਾ ਪ੍ਰਧਾਨ ਗੁਰਮੇਜ ਸਿੰਘ ਗੱਗੜ ਭਾਣਾ ਨੂੰ ਥਾਪਿਆ ਗਿਆ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਬਲਦੇਵ ਸਿੰਘ, ਕਿਸਾਨ ਵਿੰਗ ਦੇ ਪ੍ਰਧਾਨ ਰਣਧੀਰ ਸਿੰਘ, ਵਿਪਨ ਸੂਦ ਕਾਕਾ ਜੀ, ਜਸਵਿੰਦਰ ਸਿੰਘ ਖ਼ਾਲਸਾ, ਅਮਰੀਕ ਸਿੰਘ, ਜਗਦੀਪ ਸਿੰਘ ਭਿੰਡਰ ਤੇ ਪੂਰਨ ਸਿੰਘ ਗਿੱਲ ਖਿਲਚੀਆਂ ਆਦਿ ਹਾਜ਼ਰ ਸਨ।