ਬਠਿੰਡਾ, 21 ਜੂਨ
ਪੰਜਾਬ ਵਿੱਚ ਗਰਮੀ ਲਗਾਤਾਰ ਵਧ ਰਹੀ ਹੈ। ਅੱਜ ਸ੍ਰੀ ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ ’ਚ ਤਾਪਮਾਨ ਸਭ ਤੋਂ ਵੱਧ 45.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਵਿੱਚ ਦਿਨ ਦੇ ਨਾਲ-ਨਾਲ ਰਾਤ ਦਾ ਤਾਪਮਾਨ ਵੀ ਵਧ ਗਿਆ ਹੈ। ਅੱਜ ਸਾਲ ਦਾ ਸਭ ਤੋਂ ਵੱਡਾ ਦਿਨ ਬੇਹੱਦ ਹੁੰਮਸ ਵਾਲਾ ਅਤੇ ਗਰਮ ਰਿਹਾ। ਅੱਜ ਵੱਡੇ ਦਿਨ ਦੀ ਲੰਬਾਈ ਪੰਜਾਬ ’ਚ ਔਸਤਨ 14 ਘੰਟੇ 8 ਮਿੰਟ ਰਹੀ। ਪੰਜਾਬ ਦਾ ਮਾਲਵਾ ਖਿੱਤਾ ਅੱਜ ਲਗਾਤਾਰ ਦੂਜੇ ਦਿਨ ਫਿਰ ਭੱਠ ਵਾਂਗ ਤਪਿਆ। ਮਾਲਵੇ ਦੇ ਸ਼ਹਿਰਾਂ ’ਚ ਪੰਜਾਬ ਦੇ ਬਾਕੀ ਹਿੱਸਿਆਂ ਨਾਲੋਂ ਪਾਰਾ ਸਭ ਤੋਂ ਉੱਪਰ ਰਿਹਾ। ਦੂਜੇ ਪਾਸੇ ਗਰਮੀ ’ਚ ਇਜ਼ਾਫ਼ਾ ਹੋਣ ਅਤੇ ਝੋਨੇ ਦੀ ਲੁਆਈ ਦੇ ਆਖ਼ਰੀ ਪੜਾਅ ਦੀ ਅੱਜ ਤੋਂ ਸ਼ੁਰੂਆਤ ਹੋਣ ਨਾਲ ਬਿਜਲੀ ਦੀ ਮੰਗ ਵੀ ਜ਼ੋਰ ਫੜ ਗਈ ਹੈ। ਅੱਜ ਰਾਜ ’ਚ ਕਰੀਬ 14000 ਮੈਗਾਵਾਟ ਬਿਜਲੀ ਦੀ ਮੰਗ ਰਹੀ ਅਤੇ ਆਗਾਮੀ ਦਿਨਾਂ ਵਿਚ ਇਹ ਮੰਗ ਹੋਰ ਵਧਣ ਦੀ ਸੰਭਵਾਨਾ ਹੈ। ਇਸ ਮੰਗ ਦੀ ਪੂਰਤੀ ਫਿਲਹਾਲ ਪੰਜਾਬ ਦੇ ਤਾਪ ਘਰਾਂ ਤੋਂ ਹੀ ਹੋ ਰਹੀ ਹੈ ਅਤੇ ਇਨ੍ਹੀਂ ਦਿਨੀਂ ਸਭ ਤੋਂ ਵੱਧ ਉਤਪਾਦਨ ਤਲਵੰਡੀ ਸਾਬੋ ਸਥਿਤ ਥਰਮਲ ਪਲਾਂਟ ਤੋਂ ਹੋ ਰਿਹਾ ਹੈ। ਮੌਸਮ ਵਿਗਿਆਨੀਆਂ ਅਨੁਸਾਰ ਮੌਨਸੂਨ ਦੀ ਆਮਦ ਤੋਂ ਪਹਿਲਾਂ ਅਕਸਰ ਦਿਨ ਅਤੇ ਰਾਤਾਂ ਤਪਦੀਆਂ ਹਨ। ਉਨ੍ਹਾਂ ਮੁਤਾਬਕ 25 ਜੂਨ ਤੋਂ ਪ੍ਰੀ-ਮੌਨਸੂਨ ਉੱਤਰੀ ਪੰਜਾਬ ਦੇ ਖੇਤਰਾਂ ’ਚ ਦਸਤਕ ਦੇਵੇਗੀ। ਇਸ ਤੋਂ ਬਾਅਦ ਇਹ ਪੂਰੇ ਪੰਜਾਬ ਨੂੰ ਆਪਣੀ ਗ੍ਰਿਫ਼ਤ ’ਚ ਲੈ ਲਵੇਗੀ। ਜਾਣਕਾਰੀ ਅਨੁਸਾਰ 25 ਤੋਂ 29 ਜੂਨ ਦਰਮਿਆਨ ਪੰਜਾਬ ਦੇ 80 ਤੋਂ 90 ਫੀਸਦੀ ਖੇਤਰਾਂ ਵਿੱਚ ਮੀਂਹ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਫ਼ਰੀਦਕੋਟ, ਕੋਟਕਪੂਰਾ ਤੇ ਮਲੋਟ 44.6, ਅਬੋਹਰ 44.4, ਗੁਰਦਾਸਪੁਰ 43.9, ਸੰਗਰੂਰ 43.6, ਬਰਨਾਲਾ 43.1, ਬਠਿੰਡਾ 42, ਹੁਸ਼ਿਆਰਪੁਰ ਤੇ ਮਾਨਸਾ 42.9, ਫ਼ਤਹਿਗੜ੍ਹ ਸਾਹਿਬ ਤੇ ਰੋਪੜ 41.8, ਫ਼ਿਰੋਜ਼ਪੁਰ 41, ਸ੍ਰੀ ਅੰਮ੍ਰਿਤਸਰ ਸਾਹਿਬ 39, ਲੁਧਿਆਣਾ 38 ਅਤੇ ਸ੍ਰੀ ਆਨੰਦਪੁਰ ਸਾਹਿਬ 37 ਡਿਗਰੀ ਸੈਲਸੀਅਸ ਰਿਹਾ।