ਨਵੀਂ ਦਿੱਲੀ, 2 ਮਈ, 2020 : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਪੰਜਾਬ ਵਿਚ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਕੋਰੋਨਾ ਪੀੜਤ ਹੋਣ ਬਾਰੇ ਕੀਤੇ ਜਾ ਰਹੇ ਦਾਅਵਿਆਂ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਪੰਜਾਬ ਵਿਚ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਬਾਰੇ ਇਹ ਦਾਅਵਾ  ਕੀਤਾ ਜਾ ਰਿਹਾ ਹੈ ਕਿ ਕੋਰੋਨਾ ਬਿਮਾਰੀ ਉਹ ਲੈ ਕੇ ਆਏ ਹਨ ਤੇ ਕੌਮੀ ਪੱਧਰ ‘ਤੇ ਸਿੱਖਾਂ ਨੂੰ ਕੋਰੋਨਾ ਕੈਰੀਅਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸਿੱਖਾਂ ਖਿਲਾਫ ਬਹੁਤ ਡੂੰਘੀ ਸਾਜ਼ਿਸ਼ ਹੈ ਤੇ ਇਸ ਸਾਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਨੂੰ ਸਾਜ਼ਿਸ਼ ਕਰਾਰ ਦੇ ਚੁੱਕੇ ਹਨ ਤੇ ਇਸਦੀ ਜਾਂਚ ਦੀ ਮੰਗ ਕਰ ਚੁੱਕੇ ਹਨ ਤੇ ਸਾਰੀ ਸਿੱਖ ਕੌਮ ਉਹਨਾਂ ਦੀ ਗੱਲ ਨਾਲ ਪੂਰੀ ਤਰ•ਾਂ ਸਹਿਮਤ ਵੀ ਹੈ ਤੇ ਇਹੀ ਮੰਗ ਸਰਕਾਰ ਕੋਲੋਂ ਕਰਦੀ ਹੈ।

ਸ੍ਰੀ ਸਿਰਸਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਐਨ ਆਰ ਆਈਜ਼ ਦੀ ਬਦਨਾਮੀ ਕਰਨ ਦਾ ਯਤਨ ਕੀਤਾ ਤੇ ਹੁਣ ਸਿੱਖਾਂ ਤੇ ਸਿੱਖ ਸ਼ਰਧਾਲੂਆਂ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੰਤਰੀ ਸ਼ਰ•ੇਆਮ ਸ਼ਰਧਾਲੂਆਂ  ਨੂੰ ਕੋਰੋਨਾ ਦਾ ਕਾਰਨ ਦੱਸ ਰਹੇ ਹਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਆਪਣੇ ਮੰਤਰੀਆਂ ‘ਤੇ ਲਗਾਮ ਲਗਾਉਣੀ ਚਾਹੀਦੀ ਹੈ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਯੂ. ਪੀ. ਦੀ ਸਰਕਾਰ ਕੋਟਾ ਤੋਂ ਆਪਦੇ ਪੰਜ ਹਜ਼ਾਰ ਵਿਦਿਆਰਥੀ ਵਾਪਸ ਲੈ ਕੇ ਗਈ ਹੈ, ਇਸੇ ਤਰ•ਾਂ ਬਿਹਾਰ ਤੇ ਯੂ ਪੀ ਸਰਕਾਰ ਦਿੱਲੀ ਤੋਂ ਮਜ਼ਦੂਰ ਲੈ ਕੇ ਗਈ ਹੈ, ਕਿਸੇ ਨੇ ਵੀ ਆਪਣੇ ਨਾਗਰਿਕਾਂ ਬਾਰੇ ਕੋਈ ਦਾਅਵਾ ਨਹੀਂ ਕੀਤਾ ਕਿ ਉਹ ਕੋਰੋਨਾ ਲੈ ਕੇ ਆਏ ਹਨ ਪਰ ਪੰਜਾਬ ਸਰਕਾਰ ਵੱਲੋਂ ਹੈਰਾਨੀਜਨਕ ਬਿਆਨ ਸਿੱਖ ਸ਼ਰਧਾਲੂਆਂ ਬਾਰੇ ਦਿੱਤੇ ਜਾ ਰਹੇ ਹਨ।

ਸ੍ਰੀ ਸਿਰਸਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸਿੱਖਾਂ ਵਿਰੁੱਧ ਰਚੀ ਗਈ ਇਹ ਡੂੰਘੀ ਸਾਜ਼ਿਸ਼ ਜਾਪਦੀ ਹੈ ਤੇ ਇਸਨੂੰ ਬੇਨਕਾਬ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ। ਉਹਨਾਂ ਕਿਹਾ ਕਿ ਜਿਹੜੇ ਸ਼ਰਧਾਲੂਆਂ ਦੇ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਤਿੰਨ ਤਿੰਨ ਵਾਰ ਟੈਸਟ ਹੋਏ ਤੇ ਉਹ ਨੈਗੇਟਿਵ ਆਏ ਤਾਂ ਅਚਨਚੇਤ ਪੰਜਾਬ ਪੁੱਜ ਕੇ ਪਾਜ਼ੀਟਿਵ ਕਿਵੇਂ ਆ ਸਕਦੇ ਹਨ। ਉਹਨਾਂ ਕਿਹਾ ਕਿ ਇਸ ਲਈ ਇਸ ਸਾਰੇ ਮਾਮਲੇ ਦੀ ਜਾਂਚ ਕਰ ਕੇ ਰਿਪੋਰਟ ਜਨਤਕ ਕੀਤੀ ਜਾਣੀ ਚਾਹੀਦੀ ਹੈ।