ਨਵੀਂ ਦਿੱਲੀ, 21 ਮਾਰਚ
ਪੰਜਾਬ ਵਿੱਚ ਪਿਛਲੇ ਦਿਨੀਂ ਸਹੁੰ ਚੁੱਕਣ ਵਾਲੇ 11 ਵਿੱਚੋਂ 7 ਮੰਤਰੀਆਂ ਨੇ ਆਪਣੇ ਖਿਲਾਫ਼ ਅਪਰਾਧਿਕ ਕੇਸ ਦਰਜ ਹੋਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚੋਂ ਚਾਰ ’ਤੇ ਗੰਭੀਰ ਦੋਸ਼ ਹਨ। ਚੋਣ ਸੁਧਾਰਾਂ ਲਈ ਕੰਮ ਕਰਨ ਵਾਲੀ ਜਥੇਬੰਦੀ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ (ਏਡੀਆਰ) ਨੇ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਹੈ। ਇਨ੍ਹਾਂ 11 ਮੰਤਰੀਆਂ ਵਿੱਚ ਮੁੱਖ ਮੰੰਤਰੀ ਭਗਵੰਤ ਮਾਨ ਵੀ ਸ਼ਾਮਲ ਹਨ। ‘ਪੰਜਾਬ ਇਲੈਕਸ਼ਨ ਵਾਚ’ ਤੇ ਏਡੀਆਰ ਨੇ ਮੁੱਖ ਮੰਤਰੀ ਸਣੇ ਸਾਰੇ 11 ਮੰਤਰੀਆਂ ਵੱਲੋਂ ਦਾਖ਼ਲ ਹਲਫ਼ਨਾਮਿਆਂ ਦੀ ਸਮੀਖਿਆ ਕੀਤੀ ਹੈ। ਏਡੀਆਰ ਨੇ ਕਿਹਾ ਕਿ ਸੱਤ ਮੰਤਰੀਆਂ (64 ਫੀਸਦ) ਨੇ ਆਪਣੇ ਖਿਲਾਫ਼ ਅਪਰਾਧਿਕ ਕੇਸ ਦਰਜ ਹੋਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚੋਂ ਚਾਰ (36 ਫੀਸਦ) ਨੇ ਆਪਣੇ ਖਿਲਾਫ਼ ਗੰਭੀਰ ਅਪਰਾਧਿਕ ਕੇਸ ਦਰਜ ਹੋਣ ਦੀ ਗੱਲ ਮੰਨੀ ਹੈ। ਇਨ੍ਹਾਂ 11 ਮੰਤਰੀਆਂ ਵਿੱਚੋਂ 9 ਕਰੋੜਪਤੀ ਹਨ, ਜਿਨ੍ਹਾਂ ਦੀ ਸੰਪਤੀ ਦੀ ਔਸਤ 2.87 ਕਰੋੜ ਰੁਪਏ ਹੈ।