ਵਿਭਾਗਾਂ ਦੀ ਵੰਡ ਤੋਂ ਬਾਅਦ ਵੀ ਕੈਪਟਨ ਕੋਲ 19 ਮਹਿਕਮੇ ਸਲਾਮਤ
ਚੰਡੀਗੜ੍ਹ, 21 ਅਪਰੈਲ
ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਕੈਪਟਨ ਵਜ਼ਾਰਤ ਦੇ ਨੌਂ ਨਵੇਂ ਮੰਤਰੀਆਂ ਨੂੰ ਅੱਜ ਸ਼ਾਮੀਂ ਰਾਜ ਭਵਨ ਵਿੱਚ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਵਿਚ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁਕਾਈ। ਇਨ੍ਹਾਂ ਤੋਂ ਇਲਾਵਾ ਸ੍ਰੀਮਤੀ ਅਰੁਣਾ ਚੌਧਰੀ ਅਤੇ ਰਜ਼ੀਆ ਸੁਲਤਾਨਾ ਨੂੰ ਵੀ ਤਰੱਕੀ ਦੇ ਕੇ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁਕਾਈ ਗਈ। ਮੁੱਖ ਮੰਤਰੀ ਨੇ ਵਜ਼ਾਰਤ ਵਿਚ ਵਾਧਾ ਕਰ ਕੇ ਵਿਧਾਇਕਾਂ ਦੀ ਨਾਰਾਜ਼ਗੀ ਨੂੰ ਦੂਰ ਕਰਨ ਦਾ ਯਤਨ ਕੀਤਾ ਹੈ ਪਰ ਦਲਿਤਾਂ ਅਤੇ ਪੱਛੜੀਆਂ ਜਾਤੀਆਂ ਵਿਚ ਵਜ਼ਾਰਤ ਵਿਚ ਵਾਧੇ ਸਮੇਂ ਪ੍ਰਤੀਨਿਧਤਾ ਨਾ ਮਿਲਣ ਕਰ ਕੇ ਨਾਰਾਜ਼ਗੀ ਹੈ।
ਇਸ ਦੌਰਾਨ ਦੇਰ ਰਾਤ ਮੁੱਖ ਮੰਤਰੀ ਨੇ ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ। ਇਸ ਮੁਤਾਬਕ ਮੁੱਖ ਮੰਤਰੀ ਨੇ ਆਪਣੇ ਕੋਲ 19 ਵਿਭਾਗ ਰੱਖੇ ਹਨ। ਦੋ-ਤਿੰਨ ਮੰਤਰੀਆਂ ਦੇ ਵਿਭਾਗਾਂ ਵਿਚ ਫੇਰ ਬਦਲ ਕੀਤਾ ਗਿਆ ਹੈ। ਦੋਵਾਂ ਮਹਿਲਾ ਮੰਤਰੀਆਂ ਦੇ ਵਿਭਾਗ ਬਦਲ ਦਿਤੇ ਗਏ ਹਨ। ਸਿੱਖਿਆ ਵਿਭਾਗ ਦੋ ਮੰਤਰੀਆਂ ਨੂੰ ਦਿਤਾ ਗਿਆ ਹੈ। ਸਕੂਲ ਸਿੱਖਿਆ ਨਵੇਂ ਮੰਤਰੀ ਓ.ਪੀ. ਸੋਨੀ ਅਤੇ ਉਚੇਰੀ ਸਿੱਖਿਆ ਰਜ਼ੀਆ ਸੁਲਤਾਨਾ ਨੂੰ ਦਿਤੀ ਗਈ ਹੈ। ਨਵਜੋਤ ਸਿੱਧੂ, ਮਨਪ੍ਰੀਤ ਬਾਦਲ, ਸਾਧੂ ਸਿੰਘ ਧਰਮਸੋਤ, ਚਰਨਜੀਤ ਸਿੰਘ ਚੰਨੀ ਕੋਲ ਪਹਿਲਾਂ ਵਾਲੇ ਹੀ ਵਿਭਾਗ ਰਹਿਣਗੇ। ਪਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਪੰਚਾਇਤਾਂ ਤੇ ਪੇਂਡੂ ਵਿਕਾਸ ਦੇ ਨਾਲ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਅਤੇ ਬ੍ਰਹਮ ਮਹਿੰਦਰਾ ਨੂੰ ਪਹਿਲੇ ਵਿਭਾਗਾਂ ਦੇ ਨਾਲ ਨਵਾਂ ਸ਼ਿਕਾਇਤ ਨਿਵਾਰਨ ਵਿਭਾਗ ਦਿਤਾ ਗਿਆ ਹੈ।
ਸ੍ਰੀ ਸੋਨੀ ਨੂੰ ਸਕੂਲ ਸਿੱਖਿਆ ਦੇ ਨਾਲ ਸੁਤੰਤਰਤਾ ਸੈਨਾਨੀ ਵਿਭਾਗ, ਰਾਣਾ ਗੁਰਮੀਤ ਸਿੰਘ ਸੋਢੀ ਨੂੰ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਅਤੇ ਅਰੁਣਾ ਚੌਧਰੀ ਨੂੰ ਸਮਾਜਿਕ ਸੁਰੱਖਿਆ, ਔਰਤਾਂ ਤੇ ਬਾਲ ਵਿਕਾਸ ਵਿਭਾਗ ਦੇ ਨਾਲ ਟਰਾਂਸਪੋਰਟ ਵਿਭਾਗ ਦਿਤਾ ਹੈ। ਰਜ਼ੀਆ ਸੁਲਤਾਨਾ ਨੂੰ ਉਚੇਰੀ ਸਿੱਖਿਆ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਹਿਕਾਰਤਾ ਅਤੇ ਜੇਲ੍ਹ ਵਿਭਾਗ ਦਿਤਾ ਗਿਆ ਹੈ। ਸੁੱਖ ਸਰਕਾਰੀਆ ਨੂੰ ਮਾਲ, ਮੁੜ ਵਸੇਬਾ, ਪਾਣੀ ਸੋਮੇ ਅਤੇ ਖਣਨ ਵਿਭਾਗ, ਗੁਰਪ੍ਰੀਤ ਸਿੰਘ ਕਾਂਗੜ ਨੂੰ ਬਿਜਲੀ, ਨਵਿਆਉਣਯੋਗ ਊਰਜਾ, ਬਲਬੀਰ ਸਿੰਘ ਸਿੱਧੂ ਨੂੰ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਵਿਭਾਗ, ਵਿਜੇਇੰਦਰ ਸਿੰਗਲਾ ਨੂੰ ਲੋਕ ਨਿਰਮਾਣ ਅਤੇ ਸੂਚਨਾ ਤਕਨਾਲੋਜੀ, ਸੁੰਦਰ ਸ਼ਿਆਮ ਅਰੋੜਾ ਨੂੰ ਸਨਅਤ ਅਤੇ ਵਣਜ ਵਿਭਾਗ ਦਿਤਾ ਹੈ। ਭਾਰਤ ਭੂੁਸਣ ਆਸ਼ੂ ਨੂੰ ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦਿਤਾ ਗਿਆ ਹੈ। ਪਹਿਲਾਂ ਰਾਜਭਵਨ ਵਿੱਚ ਹੋਏ ਹਲਫ਼ਦਾਰੀ ਸਮਾਗਮ ਵਿੱਚ ਰਾਜਪਾਲ ਨੇ ਸਭ ਤੋਂ ਪਹਿਲਾਂ ਸੀਨੀਅਰ ਵਿਧਾਇਕ ਓ.ਪੀ. ਸੋਨੀ ਨੂੰ ਸਹੁੰ ਚੁਕਾਈ। ਉਨ੍ਹਾਂ ਤੋਂ ਬਾਅਦ ਰਾਣਾ ਗੁਰਮੀਤ ਸਿੰਘ ਸੋਢੀ ਤੇ ਫਿਰ ਤੀਜੇ ਤੇ ਚੌਥੇ ਸਥਾਨ ’ਤੇ ਮਹਿਲਾ ਮੰਤਰੀਆਂ ਅਰੁਣਾ ਚੌਧਰੀ ਤੇ ਰਜ਼ੀਆ ਸੁਲਤਾਨਾ ਨੂੰ ਰਾਜ ਮੰਤਰੀਆਂ ਤੋਂ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁਕਾਈ ਗਈ। ਪੰਜਵੇਂ ਨੰਬਰ ’ਤੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਹੁੰ ਚੁਕਾਈ ਗਈ। ਛੇਵੇਂ ਨੰਬਰ ’ਤੇ ਮਾਝੇ ਤੋਂ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਸੁੱਖ ਸਰਕਾਰੀਆ ਨੂੰ ਸਹੁੰ ਚੁਕਾਈ ਜਾਣੀ ਸੀ ਪਰ ਗੁਰਪ੍ਰੀਤ ਸਿੰਘ ਕਾਂਗੜ ਨੂੰ ਸਹੁੰ ਚੁਕਾ ਦਿੱਤੀ ਗਈ ਪਰ ਇਸ ਗਲਤੀ ਨੂੰ ਮੁੱਖ ਸਕੱਤਰ ਨੇ ਉਸੇ ਸਮੇਂ ਹੀ ਸੁਧਾਰ ਲਿਆ ਗਿਆ। ਮੁਹਾਲੀ ਤੋਂ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਅੱਠਵੇਂ, ਸੰਗਰੂਰ ਤੋਂ ਨੌਜਵਾਨ ਆਗੂ ਵਿਜੇਇੰਦਰ ਸਿੰਗਲਾ ਨੂੰ ਨੌਵੇਂ, ਫਿਰ ਸੁੰਦਰ ਸ਼ਿਆਮ ਅਰੋੜਾ ਅਤੇ ਅਖੀਰ ਲੁਧਿਆਣਾ ਤੋਂ ਵਿਧਾਇਕ ਭਾਰਤ ਭੂਸ਼ਣ ਆਸ਼ੂ ਨੂੰ ਸਹੁੰ ਚੁਕਾਉਣ ਨਾਲ ਸਮਾਗਮ ਖਤਮ ਹੋ ਗਿਆ।
ਸਮਾਗਮ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਲ ਸੁਨੀਲ ਜਾਖੜ, ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ, ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਸਹਾਇਕ ਇੰਚਾਰਜ ਹਰੀਸ਼ ਚੌਧਰੀ, ਸਾਬਕਾ ਮੰਤਰੀ ਲਾਲ ਸਿੰਘ, ਅਮਰਜੀਤ ਸਿੰਘ ਸਮਰਾ, ਕੈਪਟਨ ਵਜ਼ਾਰਤ ਦੇ ਸਾਰੇ ਮੰਤਰੀ ਅਤੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਮੰਤਰੀ ਨਾ ਬਣਾਏ ਜਾਣ ਕਾਰਨ ਨਾਰਾਜ਼ ਵਿਧਾਇਕਾਂ ਵਿੱਚੋਂ ਕੁਲਜੀਤ ਸਿੰਘ ਨਾਗਰਾ ਨੂੰ ਛੱਡ ਕੇ ਬਾਕੀ ਹਾਜ਼ਰ ਨਹੀਂ ਹੋਏ। ਨਾਰਾਜ਼ ਵਿਧਾਇਕਾਂ ਵਿਚ ਰਾਜ ਕੁਮਾਰ ਵੇਰਕਾ, ਰਾਜਾ ਵੜਿੰਗ, ਗੁਰਕੀਰਤ ਸਿੰਘ ਕੋਟਲੀ, ਨਵਤੇਜ ਸਿੰਘ ਚੀਮਾ, ਸੰਗਤ ਸਿੰਘ ਗਿਲਜੀਆਂ, ਕਾਕਾ ਰਣਦੀਪ ਸਿੰਘ, ਰਾਕੇਸ਼ ਪਾਂਡੇ ਆਦਿ ਸ਼ਾਮਲ ਹਨ।
ਮੁੱਖ ਸਕੱਤਰ ਨੇ ਸਾਰਾ ਸਮਾਗਮ ਅੰਗਰੇਜ਼ੀ ਵਿੱਚ ਚਲਾਇਆ ਪਰ ਸਮਾਗਮ ਖਤਮ ਕਰਨ ’ਤੇ ਚਾਹ ਪੀਣ ਦਾ ਸੱਦਾ ਪੰਜਾਬੀ ਵਿੱਚ ਦਿੱਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਲਾਬੀ ਪੱਗ ਅਤੇ ਚਿੱਟਾ ਕੁੜਤਾ-ਪਜ਼ਾਮਾ ਅਤੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਰਾਜਸਥਾਨੀ ਪਗੜੀ ਪਹਿਨ ਕੇ ਆਏ ਸਨ।
ਪਾਰਟੀ ’ਚ ਕੋਈ ਨਾਰਾਜ਼ ਨਹੀਂ: ਕੈਪਟਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਮੰਤਰੀਆਂ ਦੀ ਚੋਣ ਵਿਚ ਪੱਖਪਾਤ ਤੋਂ ਇਨਕਾਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਰੇ ਵਰਗਾਂ ਅਤੇ ਖੇਤਰਾਂ ਨੂੰ ਢੁਕਵੀਂ ਨੁਮਾਇੰਦਗੀ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਵਿਚ ਕੋਈ ਵੀ ਨਾਰਾਜ਼ ਨਹੀਂ ਹੈ। ਕੁਝ ਕਾਂਗਰਸੀ ਵਿਧਾਇਕਾਂ ’ਚ ਅਸੰਤੁਸ਼ਟੀ ਸਬੰਧੀ ਪੁੱਛੇ ਗਏ ਇੱਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਵਾਸਤੇ ਖੇਤਰੀ ਅਤੇ ਜਾਤੀ ਸੰਤੁਲਨ ਨੂੰ ਧਿਆਨ ਵਿਚ ਰੱਖਿਆ ਗਿਆ ਹੈ। ਕੁਝ ਵਿਧਾਇਕਾਂ ਵੱਲੋਂ ਪਾਰਟੀ ਅਹੁਦਿਆਂ ਨੂੰ ਛੱਡੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਸਾਰੇ ਮੁੱਦਿਆਂ ਨੂੰ ਆਪਸੀ ਗੱਲਬਾਤ ਨਾਲ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਵਿਚ ਪਹਿਲਾਂ ਹੀ ਚਾਰ ਦਲਿਤ ਮੰਤਰੀ ਹਨ ਜਿਸ ਕਰ ਕੇ ਇਸ ਭਾਈਚਾਰੇ ਵਿਚੋਂ ਹੋਰ ਮੈਂਬਰ ਨੂੰ ਸ਼ਾਮਲ ਨਹੀਂ ਕੀਤਾ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਵਜ਼ਾਰਤ ਵਿਚ ਤਕਰੀਬਨ 25 ਫੀਸਦੀ ਦਲਿਤਾਂ ਦੀ ਨੁਮਾਇੰਦਗੀ ਹੈ। ਸਥਾਨ ਨਾ ਪ੍ਰਾਪਤ ਕਰ ਸਕਣ ਵਾਲੇ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਨੂੰ ਵੱਖ-ਵੱਖ ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀਆਂ ਤੋਂ ਲੈ ਕੇ ਯੋਜਨਾ ਬੋਰਡਾਂ ਤੱਕ 7000 ਅਹੁਦੇ ਹਨ ਜੋ ਪਾਰਟੀ ਵਰਕਰਾਂ ਨੂੰ ਦਿੱਤੇ ਜਾ ਸਕਦੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਵਿਧਾਇਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀ ਨਾਰਾਜ਼ਗੀ ਦੂਰ ਕੀਤੀ ਜਾਵੇਗੀ।